ਨਿੱਜੀ ਪੱਤਰ ਪ੍ਰੇਰਕ
ਧੂਰੀ, 28 ਮਈ
ਇਲਾਕੇ ਦੇ ਪਿੰਡਾਂ ’ਚੋਂ ਲੰਘਣ ਵਾਲੀ ਮੁੱਖ ਨਹਿਰ ਕੋਟਲਾ ਬਰਾਂਚ (ਬੱਬਨਪੁਰ ਨਹਿਰ) ਵਿੱਚੋਂ ਵੱਖ-ਵੱਖ ਪਿੰਡਾਂ ਅਤੇ ਧੂਰੀ ਸ਼ਹਿਰ ਦੇ ਵਿਚਕਾਰ ਜਾਂਦੇ ਰਜਵਾਹੇ ’ਚ ਹੁਣ ਪਾਣੀ ਦੀ ਥਾਂ ਗੰਦਗੀ ਪਾਈ ਜਾ ਰਹੀ ਹੈ। ਇਸ ’ਚੋਂ ਨਿਕਲਦੇ ਸਾਰੇ ਰਜਵਾਹਿਆਂ ਵਿੱਚ ਲੋਕਾਂ ਵੱਲੋਂ ਬੇਰੋਕ-ਟੋਕ ਗੰਦਗੀ ਸੁੱਟੀ ਜਾ ਰਹੀ ਹੈ। ਇਸ ਵਿੱਚ ਪਾਣੀ ਦੀ ਘਾਟ ਕਾਰਨ ਇਹ ਗੰਦਗੀ ਰੁੜ ਕੇ ਨਹੀਂ ਜਾ ਰਹੀ, ਸਗੋਂ ਇਲਾਕੇ ਅਤੇ ਸ਼ਹਿਰ ਵਿੱਚ ਹੀ ਬਦਬੂ ਫੈਲਾ ਰਹੀ ਹੈ। ਰਜਵਾਹੇ ਪਾਣੀ ਦੇ ਸਰੋਤਾਂ ਦੀ ਥਾਂ ਕੂੜੇ ਦੇ ਡੰਪ ਬਣ ਕੇ ਰਹਿ ਗਏ ਹਨ। ਇਸ ਰਜਵਾਹੇ ਦੇ ਕੰਢੇ ਰਹਿਣ ਵਾਲੇ ਮੁਹੱਲਿਆਂ ਦੇ ਲੋਕਾਂ ਤੇ ਹੋਰ ਸ਼ਹਿਰ ਨਿਵਾਸੀਆਂ ਨੇ ਇਸ ਨੂੰ ਕੂੜੇਦਾਨ ਵੱਜੋਂ ਹੀ ਵਰਤਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰ ਵਿੱਚ ਤੁਰੰਤ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਫ਼ਸਲਾਂ ਸਿੰਜਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।