ਪਵਨ ਕੁਮਾਰ ਵਰਮਾ
ਧੂਰੀ, 17 ਸਤੰਬਰ
ਨਗਰ ਕੌਂਸਲ ਧੂਰੀ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਚਲਦਿਆਂ ਕੂੜਾ ਚੁੱਕਣ ਲਈ ਸਾਲ 2019 ਵਿੱਚ ਨਵੀਆਂ ਖਰੀਦੀਆਂ 42 ਦੇ ਕਰੀਬ ਰਿਕਸ਼ਾ-ਰੇਹੜੀਆਂ ਵਿੱਚੋਂ ਜ਼ਿਆਦਾਤਰ ਕਬਾੜ ਬਣ ਗਈਆਂ ਹਨ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਇਹ ਜਾਣਕਾਰੀ ਦੇਣ ਤੋਂ ਬਚਦੇ ਨਜ਼ਰ ਆਏ। ਕੌਂਸਲ ਦੇ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਵਧੇਰੇ ਰਿਕਸ਼ਾ-ਰੇਹੜੀਆਂ ਖਰਾਬ ਹੋ ਚੁੱਕੀਆਂ ਹਨ, ਜੋ ਕਿ ਵਰਤੋਂ ਯੋਗ ਨਹੀਂ ਰਹੀਂਆਂ। ਉਸ ਨੇ ਦੱਸਿਆ ਕਿ ਰਿਕਸ਼ਾ-ਰੇਹੜੀਆਂ ਖਰੀਦਣ ਵੇਲੇ ਘਟੀਆ ਮਟੀਰੀਅਲ ਦੀ ਖਰੀਦ ਕੀਤੀ ਗਈ ਜਿਸ ਕਰਕੇ ਇਹ ਆਪਣੀ ਮਿਆਦ ਤੋਂ ਪਹਿਲਾਂ ਹੀ ਖਤਮ ਹੋ ਗਈਆਂ ਹਨ। ਕੌਂਸਲ ਦੇ ਕਾਰਜਸਾਧਕ ਅਫਸਰ ਰਵੀ ਗੋਇਲ ਨੇ ਕਿਹਾ ਕਿ ਉਹ ਇੱਥੇ ਨਵੇਂ ਆਏ ਹਨ, ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ। ਹੁਣ ਧਿਆਨ ਵਿੱਚ ਆ ਚੁੱਕਿਆ ਹੈ। ਜਲਦ ਹੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਸਾਫ-ਸਫਾਈ ਨਾ ਹੋਣ ਕਾਰਨ ਥਾਂ-ਥਾਂ ਕੂੜੇ ਦੇ ਢੇਰ ਦੇਖਣ ਨੂੰ ਮਿਲਦੇ ਹਨ। ਨਗਰ ਕੌਂਸਲ ਪਾਰਕ ਦੇ ਨੇੜੇ ਨਵੇਂ ਬਣੇ ਬਾਥਰੂਮਾਂ ਦਾ ਹਾਲ ਵੀ ਐਨਾ ਮਾੜਾ ਹੈ ਕਿ ਲੋਕ ਇਨ੍ਹਾਂ ਪਖਾਨਿਆਂ ਨੂੰ ਵਰਤਣ ਤੋਂ ਗੁਰੇਜ ਕਰਦੇ ਹਨ।