ਪੱਤਰ ਪ੍ਰੇਰਕ
ਲਹਿਰਾਗਾਗਾ, 7 ਅਪਰੈਲ
ਅਨੇੜਲੇ ਪਿੰਡ ਛਾਜਲੀ ਸੰਗਤੀਵਾਲਾ ਸੜਕ ’ਤੇ ਅੱਜ ਸਿਖਰ ਦੁਪਿਹਰੇ ਖੇਤਾਂ ਵਿੱਚ ਖੜ੍ਹੀ ਪੱਕੀ ਕਣਕ ਦੀ ਫਸਲ ਨੂੰ ਲੱਗੀ ਅੱਗ ਨਾਲ ਚਾਰ ਏਕੜ ਤੋਂ ਵੱਧ ਫਸਲ ਸੜ ਗਈ। ਪਰ ਲੋਕਾਂ ਦੀ ਮਿਹਨਤ ਸਦਕਾ ਅੱਗ ’ਤੇ ਕੁਝ ਸਮੇਂ ’ਚ ਕਾਬੂ ਕਰਨ ਕਰਕੇ ਵੱਡਾ ਨੁਕਸਾਨ ਹੋਣੋ ਬਚ ਗਿਆ।
ਜਾਣਕਾਰੀ ਅਨੁਸਾਰ ਅੱਗ ਦੁਪਿਹਰ ਇੱਕ ਵਜੇ ਲੱਗੀ। ਪਰ ਲੋਕਾਂ ਵੱਲੋਂ ਮੁਸਤੈਦੀ ਦਿਖਾਉਂਦਿਆਂ ਅੱਗ ਉਤੇ ਕਾਬੂ ਪਾਉਣ ਕਰਕੇ ਫਾਇਰ ਬ੍ਰਿਗੇਡ ਨਹੀਂ ਬੁਲਾਉਣਾ ਪਿਆ। ਥਾਣਾ ਛਾਜਲੀ ਦੇ ਐਸਐਚਓ ਕੇਵਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਨੇ ਛਾਜਲੀ ਤੇ ਨੇੜਲੇ ਪਿੰਡਾਂ ਦੇ ਸਹਿਯੋਗ ਨਾਲ ਅੱਗ ਨੂੰ ਕਾਬੂ ਕੀਤਾ ਅਤੇ ਅੱਗੇ ਵੱਧਣ ਤੋਂ ਰੋਕਿਆ। ਇਹ ਜ਼ਮੀਨ ਮੇਜਰ ਸਿੰਘ ਪੁੱਤਰ ਤੇਜਾ ਸਿੰਘ ਰੋਜਾ ਪੱਤੀ ਛਾਜਲੀ ਦੀ ਸੀ। ਪੁਲੀਸ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲ ਲਿਆ ਜਿਸ ਕਰਕੇ ਜ਼ਿਆਦਾ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲੀਸ ਨੇ ਦੱਸਿਆ ਕਿ ਕਥਿਤ ਚਿੰਗਾਰੀ ਡਿੱਗਣ ਕਰਕੇ ਪੱਕੀ ਫਸਲ ਨੂੰ ਅੱਗ ਲੱਗਣ ਕਰਕੇ ਸਾਢੇ ਚਾਰ ਏਕੜ ਦੀ ਕਣਕ ਸੜ ਗਈ। ਜ਼ਿਕਰਯੋਗ ਹੈ ਕਿ ਇਸ ਖੇਤ ਦੇ ਨੇੜੇ ਇੱਕ ਭੱਠੇ ਦੀ ਲੇਬਰ ਹੈ ਜਿਸ ਕਰਕੇ ਚਿੰਗਾਡਰੀ ਡਿੱਗਣ ਦਾ ਸ਼ੱਕ ਹੈ ਪਰ ਪੁਲੀਸ ਅਨੁਸਾਰ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਗਈ। ਪੁਲੀਸ ਅਨੁਸਾਰ ਕਣਕ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।