ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਜਨਵਰੀ
ਮੁਸਲਿਮ ਵਰਗ ਦੇ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਗਠਨਾਂ ਦੀ ਇੱਕ ਅਹਿਮ ਬੈਠਕ ਕਾਰੀ ਸ਼ਕੀਲ ਉਰ ਰਹਿਮਾਨ ਕਾਸਮੀ ਦੀ ਪ੍ਰਧਾਨਗੀ ’ਚ ਹੋਈ, ਜਿਸ ਵਿੱਚ ਮੁਸਲਿਮ ਭਾਈਚਾਰੇ ਨੂੰ ਪੰਜਾਬ ਅੰਦਰ ਆਉਂਦੀਆਂ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਭਵਿੱਖ ਵਿੱਚ ਮੁਸਲਮਾਨਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ ਲਈ ਯੂਨਾਈਟਿਡ ਮੁਸਲਿਮ ਫਰੰਟ ਪੰਜਾਬ ਨਾਂ ਦੀ ਜਥੇਬੰਦੀ ਗਠਿਤ ਕੀਤੀ ਗਈ। ਯੂਨਾਈਟਿਡ ਮੁਸਲਿਮ ਫਰੰਟ ਪੰਜਾਬ ਦੇ ਬੁਲਾਰੇ ਮੁਹੰਮਦ ਜਮੀਲ ਜੌੜਾ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਅੰਦਰ ਕੁੱਲ ਮੁਸਲਿਮ ਆਬਾਦੀ 2 ਫ਼ੀਸਦੀ ਤੋਂ ਵੀ ਘੱਟ ਹੈ। ਪੰਜਾਬ ਅੰਦਰ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਪਰ ਮੁਸਲਿਮ ਵਰਗ ਨਾਲ ਕਿਸੇ ਨੇ ਵੀ ਵਫ਼ਾ ਨਹੀਂ ਕੀਤਾ। ਇਸ ਲਈ ਯੂਨਾਈਟਿਡ ਮੁਸਲਿਮ ਫਰੰਟ ਨੇ ਪਹਿਲਕਦਮੀ ਕਰਦਿਆਂ ਮੁਸਲਿਮ ਹਿੱਤਾਂ ਅਤੇ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਤਿਆਰ ਕੀਤਾ ਹੈ, ਜੋ ਰਾਜਨੀਤਿਕ ਪਾਰਟੀਆਂ ਨੂੰ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਵਾਉਣ ਲਈ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਕਾਨੂੰਨੀ ਦਾਇਰੇ ’ਚ ਆਉਣੇ ਚਾਹੀਦੇ ਹਨ।