ਖੇਤਰੀ ਪ੍ਰਤੀਨਿਧ
ਧੂਰੀ, 6 ਜੁਲਾਈ
ਸ਼ਹਿਰ ਅੰਦਰੋਂ ਲੰਘਦੇ ਰਜਵਾਹੇ ਦੇ ਕਿਨਾਰੇ ਸਥਿਤ ਸਮਾਧਾਂ ਨੇੜਿਓਂ ਜੰਗਲਾਤ ਵਿਭਾਗ ਦੇ ਨੰਬਰੀ ਦਰੱਖ਼ਤ ਵੱਢੇ ਜਾਣ ਦੇ ਮਾਮਲੇ ਦੇ ਗਰਮਾ ਜਾਣ ਤੋਂ ਬਾਅਦ ਜਿੱਥੇ ਜੰਗਲਾਤ ਵਿਭਾਗ ਵੱਲੋਂ ਆਪਣੀ ਸਾਖ ਬਚਾਉਣ ਲਈ ਦਰੱਖ਼ਤ ਵੱਢਣ ਵਾਲੇ ਅਣਪਛਾਤਿਆਂ ਖ਼ਿਲਾਫ਼ ਪੁਲੀਸ ਕੋਲ ਕੇਸ ਦਰਜ ਕਰਵਾ ਕੇ ਜੰਗਲਾਤ ਵਿਭਾਗ ਦੇ ਗਾਰਡ ਹਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉੱਥੇ ਹੀ ਉਸ ਥਾਂ ਉਪਰ 150 ਤੋਂ ਵਧੇਰੇ ਫਲਦਾਰ ਤੇ ਛਾਂਦਾਰ ਬੂਟੇ ਵੀ ਲਗਾਏ ਗਏ ਹਨ। ਜੰਗਲਾਤ ਵਿਭਾਗ ਦੇ ਵਣ ਰੇਂਜ ਅਫਸਰ ਮਲੇਰਕੋਟਲਾ ਅਜੀਤ ਸਿੰਘ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਕੇਸ ਅਨੁਸਾਰ ਦਰੱਖ਼ਤਾਂ ਸੰਬੰਧੀ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਇਸ ਘਟਨਾ ਵਿਰੋਧ ਕਰ ਰਹੇ ਕੌਂਸਲਰ ਅਜੇ ਪਰੋਚਾ ਨੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਵੰਬਰ 2020 ਵਿੱਚ ਇਸੇ ਥਾਂ ’ਤੇ ਜੰਗਲਾਤ ਵਿਭਾਗ ਦੇ ਦਰੱਖ਼ਤ ਕੱਟੇ ਗਏ ਸੀ, ਪ੍ਰੰਤੂ ਉਸ ਸਮੇਂ ਵਿਭਾਗ ਵੱਲੋਂ ਦਿਖਾਏ ਗਏ ਅਵੇਸਲੇਪੁਣ ਕਾਰਨ ਮੁੜ ਤੋਂ ਨਿੱਜੀ ਪਲਾਟਾਂ ਨੂੰ ਲਾਹਾ ਦੇਣ ਲਈ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਸਿਆਸੀ ਸ਼ਹਿ ’ਤੇ ਰਾਤ ਸਮੇਂ ਚਾਰ ਦਰੱਖ਼ਤ ਕੱਟੇ ਗਏ ਹਨ। ਮਲੇਰਕੋਟਲਾ ਵਣ ਰੇਂਜ ਅਫਸਰ ਅਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈੈ।
ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਧੂਰੀ: ਇਸ ਸਬੰਧੀ ਯੂਥ ਅਕਾਲੀ ਦਲ ਦੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਕਿਹਾ ਕਿ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਅਤਿ ਨਿੰਦਣਯੋਗ ਹੈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਨਾਲ ਸਬੰਧਿਤ ਲੋਕਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।