ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਅਪਰੈਲ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਪੱਕਾ ਮੋਰਚਾ 18ਵੇਂ ਦਿਨ ਵੀ ਜਾਰੀ ਰਿਹਾ। ਅੱਜ ਬਲਾਕ ਰਾਜਪੁਰਾ ਦੀ ਸਰਕਲ ਪ੍ਰਧਾਨ ਸੁਮਨ ਕੌਰ ਅਤੇ ਮਨਜੀਤ ਕੌਰ ਦੀ ਅਗਵਾਈ ਹੇਠ ਰਾਜਪੁਰਾ ਬਲਾਕ ਦੀਆਂ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ। ਪਿਛਲੇ 18 ਦਿਨਾਂ ਤੋਂ ਵਰਕਰਾਂ ਦਿਨ-ਰਾਤ ਪੱਕੇ ਮੋਰਚੇ ’ਤੇ ਡਟੀਆਂ ਹੋਈਆਂ ਹਨ। ਯੂਨੀਅਨ ਦੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਇੱਕ ਦਿਨ ਇੱਕ ਬਲਾਕ ਦੇ ਕਰੀਬ ਚਾਰ ਸਰਕਲਾਂ ਤੋਂ 150 ਤੋਂ 200 ਦੇ ਕਰੀਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੱਕੇ ਮੋਰਚੇ ਵਿਚ ਸ਼ਮੂਲੀਅਤ ਕਰਦੀਆਂ ਹਨ ਅਤੇ ਕਰੀਬ ਦੋ ਦਰਜਨ ਰਾਤ ਸਮੇਂ ਮੋਰਚੇ ਵਿਚ ਠਹਿਰਦੀਆਂ ਹਨ ਅਤੇ ਬਾਕੀ ਵਾਪਸ ਚਲੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮੋਰਚੇ ਵਿਚ ਰਾਤ ਸਮੇਂ ਠਹਿਰਣ ਵਾਲੀਆਂ ਵਰਕਰਾਂ ਤੇ ਹੈਲਪਰਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਇਥੇ ਹੀ ਕੀਤਾ ਜਾਂਦਾ ਹੈ। ਰੋਜ਼ਾਨਾ ਮੋਰਚੇ ਵਿਚ ਸ਼ਾਮਲ ਹੋਣ ਵਾਲੀਆਂ ਵਰਕਰਾਂ ਦੁਪਹਿਰ ਦਾ ਖਾਣਾ ਲੈ ਕੇ ਆਉਂਦੀਆਂ ਹਨ ਅਤੇ ਦੁੱਧ ਵਗੈਰਾ ਵੀ ਲੈ ਕੇ ਆਉਂਦੀਆਂ ਹਨ ਜਿਸ ਨਾਲ ਦਿਨ ਸਮੇਂ ਚਾਹ ਦਾ ਲੰਗਰ ਚਲਦਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦਾ ਇਹ ਸੂਬਾ ਪੱਧਰੀ ਪੱਕਾ ਮੋਰਚਾ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮੋਰਚਾ ਜਾਰੀ ਰਹੇਗਾ।