ਪੱਤਰ ਪ੍ਰੇਰਕ
ਸ਼ੇਰਪੁਰ, 1 ਦਸੰਬਰ
ਦਿੱਲੀ ਅੰਦੋਲਨ ਦੌਰਾਨ ਟਿਕਰੀ ਹੱਦ ’ਤੇ ਬੀਤੇ ਦਿਨੀਂ ਸ਼ਹੀਦ ਹੋਏ ਕਿਸਾਨ ਚਰਨ ਸਿੰਘ ਗੋਬਿੰਦਪੁਰਾ ਦੀ ਦੇਹ ਅੱਜ ਉਸ ਦੇ ਜੱਦੀ ਪਿੰਡ ਗੋਬਿੰਦਪੁਰਾ ਪੁੱਜੀ, ਜਿੱਥੇ ਕਿਸਾਨੀ ਨਾਅਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਕਿਸਾਨ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਬੀਤੀ 21 ਅਕਤੂਬਰ ਨੂੰ ਬੇਜ਼ਮੀਨਾ ਕਿਸਾਨ ਚਰਨ ਸਿੰਘ ਆਪਣੀ ਪਤਨੀ ਸਮੇਤ ਤੀਜੀ ਵਾਰ ਪਿੰਡ ਦੇ ਜਥੇ ਨਾਲ ਟਿਕਰੀ ਹੱਦ ’ਤੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਇਆ ਸੀ। ਅੰਦੋਲਨ ਦੌਰਾਨ ਬਿਮਾਰ ਹੋਣ ਕਾਰਨ ਉਸ ਨੂੰ ਪਹਿਲਾਂ ਬਹਾਦਰਗੜ੍ਹ ਅਤੇ ਫਿਰ ਰੋਹਤਕ ਹਸਪਤਾਲ ਲਿਜਾਇਆ ਗਿਆ, ਜਿੱਥੇ ਬੀਤੀ 29 ਨਵੰਬਰ ਨੂੰ ਉਸ ਦੀ ਮੌਤ ਹੋ ਗਈ ਸੀ। ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਨੈਣੇਵਾਲ ਨੇ ਚਰਨ ਸਿੰਘ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾਇਆ। ਇਸ ਮੌਕੇ ਕਿਸਾਨ ਦੇ ਪੁੱਤਰਾਂ ਨੇ ਪਿਤਾ ਦੀ ਦੇਹ ਨੂੰ ਅਗਨੀ ਦਿੱਤੀ। ਜਥੇਬੰਦੀ ਦੇ ਸਕੱਤਰ ਜਸਪਾਲ ਸਿੰਘ ਗੋਬਿੰਦਪੁਰਾ ਨੇ ਦੱਸਿਆ ਕਿ ਕਿਸਾਨ ਆਗੂਆਂ ਨੇ ਐੱਸਡੀਐੱਮ ਧੂਰੀ ਨੂੰ ਪੋਸਟਮਾਰਟਮ ਦੀ ਰਿਪੋਰਟ ਸਮੇਤ ਹੋਰ ਲੋੜੀਂਦੇ ਕਾਗ਼ਜ਼ ਪੱਤਰ ਸੌਂਪ ਕੇ ਪੀੜਤ ਪਰਿਵਾਰ ਲਈ ਮੁਆਵਜ਼ੇ ਦਾ ਕੇਸ ਤੁਰੰਤ ਭੇਜਣ ਦੀ ਮੰਗ ਉਠਾਈ।
ਅੱਜ ਲੋਕਾਂ ਵਿੱਚ ਇਸ ਗੱਲ ਦੀ ਨਰਾਜ਼ਗੀ ਸੀ ਕਿ ਕਿਸਾਨ ਦੇ ਸਸਕਾਰ ਮੌਕੇ ਨਾ ਤਾਂ ਕੋਈ ਪੰਜਾਬ ਪੱਧਰ ਦਾ ਕਿਸਾਨ ਆਗੂ ਪਹੁੰਚਿਆ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਮੌਕੇ ’ਤੇ ਪਹੁੰਚਣਾ ਮੁਨਾਸਿਫ਼ ਸਮਝਿਆ।