ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਵੱਖ-ਵੱਖ ਥਾਵਾਂ ’ਤੇ ਕਿਸਾਨ ਬੀਬੀਆਂ ਤੇ ਕਿਸਾਨ ਰੋਸ ਧਰਨਿਆਂ ’ਤੇ ਡਟੇ ਹੋਏ ਹਨ। ਠੰਢ ਦੇ ਬਾਵਜੂਦ ਲੱਗੇ ਮੋਰਚਿਆਂ ’ਚ ਕਿਸਾਨੀ ਸੰਘਰਸ਼ ਦਾ ਜੋਸ਼ ਬਰਕਰਾਰ ਰਿਹਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਹੋ ਰਹੀ ਹੈ। ਪਿੰਡਾਂ ’ਚੋਂ ਜਿਥੇ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਕਿਸਾਨਾਂ ਦਾ ਦਿੱਲੀ ਕੂਚ ਕਰਨ ਦਾ ਸਿਲਸਿਲਾ ਜਾਰੀ ਹੈ ਉੱਥੇ ਰੋੋਸ ਧਰਨਿਆਂ ’ਚ ਵੀ ਰੋਜ਼ਾਨਾ ਕਿਸਾਨ ਮੋਦੀ ਸਰਕਾਰ ਖ਼ਿਲਾਫ਼ ਗਰਜ ਰਹੇ ਹਨ।
ਇੱਥੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਖੇੜੀ ਵਿੱਚ ਸਥਿਤ ਰਿਲਾਇੰਸ ਪੰਪ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੱਕੇ ਰੋਸ ਧਰਨੇ ਚੱਲ ਰਹੇ ਹਨ ਅਤੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦਾ ਰੋਸ ਧਰਨਾ ਜਾਰੀ ਹੈ।
ਭਾਜਪਾ ਆਗੂ ਦੇ ਘਰ ਅੱਗੇ ਰੋਸ ਧਰਨੇ ਦੌਰਾਨ ਕਿਸਾਨ ਬੀਬੀਆਂ ਮਨਜੀਤ ਕੌਰ, ਗੁਰਮੇਲ ਕੌਰ ਵਾਸੀਆਨ ਬਡਰੁੱਖਾਂ ਅਤੇ ਗੁਰਮੇਲ ਕੌਰ ਕਿਲਾਭਰੀਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਲੜਾਈ ਇਕੱਲੇ ਕਿਸਾਨ ਵਰਗ ਦੀ ਨਹੀਂ ਹੈ ਸਗੋਂ ਹੁਣ ਇਹ ਲੜਾਈ ਸਮੁੱਚੇ ਪੰਜਾਬ ਅਤੇ ਹਰ ਵਰਗ ਦੇ ਕਿਰਤੀ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਜਿੱਥੇ ਦੇਸ਼ ਭੰਡਾਰ ਲਈ ਅਨਾਜ ਪੈਦਾ ਕਰਕੇ ਵਡਮੁੱਲਾ ਯੋਗਦਾਨ ਪਾਇਆ ਹੈ ਉੱਥੇ ਖੇਤੀ ਕਾਨੂੰਨਾਂ ਖ਼ਿਲਾਫ ਸੰਘਰਸ਼ ਵਿੱਢ ਕੇ ਸਮੁੱਚੇ ਦੇਸ਼ ਦੇ ਕਿਸਾਨ-ਮਜ਼ਦੂਰ ਤੇ ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਇਸਦੀ ਗੂੰਜ ਪੈ ਰਹੀ ਹੈ। ਉਨ੍ਹਾਂ ਔਰਤ ਵਰਗ ਨੂੰ ਸੱਦਾ ਦਿੱਤਾ ਕਿ ਉਹ ਜ਼ਮੀਨਾਂ ਦਾ ਹੱਕ ਬਚਾਉਣ ਲਈ ਕਿਸਾਨ ਅੰਦੋਲਨ ’ਚ ਭਰਵੀਂ ਸ਼ਮੂਲੀਅਤ ਕਰਨ।
ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਹਰਮੇਲ ਸਿੰਘ ਮਹਿਰੋਕ, ਸੁਖਦੇਵ ਸਿੰਘ, ਸੁਖਦੇਵ ਸਿੰਘ ਮਾਨ, ਨਰੰਜਣ ਸਿੰਘ, ਇੰਦਰਪਾਲ ਸਿੰਘ ਪੁੰਨਾਂਵਾਲ, ਗੁਰਦੇਵ ਸਿੰਘ ਤੁੰਗਾਂ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ।
ਸਾਬਕਾ ਫੌਜੀਆਂ ਦੇ ਜਥੇ ਨੇ ਦਿੱਲੀ ਨੂੰ ਚਾਲੇ ਪਾਏ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਘੇਰੀਂ ਬੈਠੇ ਕਿਸਾਨਾਂ ਦੀ ਹਮਾਇਤ ‘ਚ ਅੱਜ ਇੱਥੋਂ ਇੰਡੀਅਨ ਐਕਸ ਸਰਵਿਸ ਲੀਗ ਦਾ ਜਥਾ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰਾ ਲਾਉਂਦਾ ਹੋਇਆ ਦਿੱਲੀ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਲੀਗ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਬਲਦੇਵ ਸਿੰਘ ਅਤੇ ਬਲਾਕ ਪ੍ਰਧਾਨ ਅਬਦੁੱਲਾ ਫੌਜੀ, ਕੈਪਟਨ ਦਰਸ਼ਨ ਸਿੰਘ ਤੇ ਸੂਬੇਦਾਰ ਮੇਜਰ ਸਿੰਘ ਆਦਿ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੀਗ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਮਤਾ ਪਾਇਆ ਗਿਆ ਹੈ, ਜਿਸ ਤਹਿਤ ਸਾਬਕਾ ਫੌਜੀ ਆਪਣੇ ਮੈਡਲ ਵਾਪਸ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਫ਼ਿਕਰਮੰਦ ਵਿਆਕਤੀ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੇ ਆਪਣੇ ਪੱਧਰ ‘ਤੇ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਤੁਰੰਤ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦਾ ਸੰਘਰਸ਼ ਸਮਾਪਤ ਕਰਵਾਏ। ਇਸ ਮੌਕੇ ਸੂਬੇਦਾਰ ਮੇਜਰ ਰਾਜਪਾਲ ਸਿੰਘ, ਸੂਬੇਦਾਰ ਮਲਕੀਤ ਸਿੰਘ, ਸੂਬੇਦਾਰ ਬੂਟਾ ਸਿੰਘ, ਮੁਖਤਿਆਰ ਸਿੰਘ ਨੱਥੋਹੇੜੀ ਆਦਿ ਵੀ ਹਾਜ਼ਰ ਸਨ।
ਅੰਨਦਾਤੇ ਦੀ ਹਮਾਇਤ ’ਚ ਸੁਪਰਡੈਂਟ ਨੇ ਅੰਨ ਤਿਆਗਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੋਂ ਦੇ ਡੀਸੀ ਦਫਤਰ ਦੇ ਅਧਿਕਾਰੀ ਹਮੀਰ ਸਿੰਘ ਸੰਗਤੀਵਾਲਾ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਅੱਜ ਅੰਨ ਤਿਆਗ (ਵਰਤ ਰੱਖ) ਕੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਖ਼ਿਲਾਫ਼ ਲਿਆਂਦੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਹ ਹਰ ਹਫ਼ਤੇ ਇਸੇ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਅੰਨ ਤਿਆਗ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਰਹਿਣਗੇ।