ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਅਕਤੂਬਰ
ਇਥੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਇੰਸ ਪੈਟਰੋਲ ਪੰਪ ਅੱਗੇ ਲਗਾਤਾਰ ਦਿਤਾ ਜਾ ਰਿਹਾ ਧਰਨਾ 20 ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ।ਧਰਨੇ ਕਾਰਨ ਪ੍ਰਬੰਧਕਾਂ ਨੂੰ 6,00,000 ਲਿਟਰ ਡੀਜ਼ਲ ਪੈਟਰੋਲ ਦੀ ਵਿਕਰੀ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਭੁਗਤਣਾ ਪੈ ਰਿਹਾ ਹੈ। ਵਿਕਰੀ ਨਾ ਹੋਣ ਕਰਕੇ ਪ੍ਰਬੰਧਕਾਂ ਨੂੰ ਕਰਮਚਾਰੀਆਂ ਦੀਆਂ ਤਨਖ਼ਾਹਾਂ, ਬਿਜਲੀ ਸਪਲਾਈ ਤੇ ਦੂਜੇ ਖਰਚੇ ਭੁਗਤਾਊਣੇ ਪੈ ਰਹੇ ਹਨ। ਅੱਜ ਦੇ ਧਰਨੇ ਦੌਰਾਨ ਨੌਜਵਾਨ ਹਰਜਿੰਦਰ ਸਿੰਘ ਅਤੇ ਮਿੱਠੂ ਸਿੰਘ ਨੰਗਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਜਥੇਬੰਦੀ ਨੂੰ ਪੰਜਾਬ ਸਰਕਾਰ ਤੋਂ ਬਹੁਤੀ ਆਸ ਨਹੀਂ ਹੈ। ਅੱਜ ਦੇ ਅਜਲਾਸ ਮਗਰੋਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬੁੱਧਵਾਰ ਨੂੰ ਬੁਲਾਈ ਗਈ ਹੈ ਪਰ ਕਿਸਾਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਹਰ ਪੱਖ ਤੋਂ ਲਗਾਤਾਰ ਸੰਘਰਸ਼ ਜਾਰੀ ਰੱਖਣਗੇ। ਅੱਜ ਦੇ ਧਰਨੇ ’ਚ ਬਹੁਤੀਆਂ ਔਰਤਾਂ ਸਿਰਾਂ ’ਤੇ ਕੇਸਰੀ ਚੁੰਨੀਆਂ ਲੈ ਕੇ ਸ਼ਾਮਲ ਹੋਈਆਂ। ਇਸ ਧਰਨੇ ਨੂੰ ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੇਰ, ਬਹਾਲ ਸਿੰਘ ਢੀਂਡਸਾ, ਰਾਮ ਸਿੰਘ ਨੰਗਲਾ, ਸੂਬਾ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਚੰਗਾਲੀਵਾਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 25 ਅਕਤੂਬਰ ਨੂੰ ਕਿਸਾਨ ਪ੍ਰਧਾਨ ਮੰਤਰੀ ਤੇ ਉਸ ਦੇ ਸਾਥੀ ਕਾਰਪੋਰੇਟਰਾਂ ਦੇ ਪੁਤਲੇ ਫੂਕ ਕੇ ਮੁਜਾਹਰਾ ਕਰਨਗੇ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ’ਤੇ ਟੌਲ ਪਲਾਜ਼ਾ ਕਾਲਾਝਾੜ, ਪੈਟਰੌਲ ਪੰਪ ਬਾਲਦ ਕਲਾਂ ਅਤੇ ਟੌਲ ਪਲਾਜਾ ਮਾਝੀ ਵਿੱਚ ਅੱਜ ਵੀਹਵੇਂ ਦਿਨ ਵੀ ਧਰਨੇ ਜਾਰੀ ਰੱਖੇ ਗਏ। ਧਰਨਿਆਂ ਵਿੱਚ ਭਵਾਨੀਗੜ੍ਹ ਦੇ ਕਿਸਾਨ ਆਗੂ ਜਰਨੈਲ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੌਲ ਪਲਾਜਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿੱਚ ਲਗਾਏ ਧਰਨੇ ਨੂੰ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ ਅਤੇ ਜਸਵੀਰ ਸਿੰਘ ਗੱਗੜਪੁਰ ਨੇ ਸੰਬੋਧਨ ਕੀਤਾ।