ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਅਗਸਤ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢ ਕੇ ਸਰ੍ਹੋਂ ਸਮੇਤ ਹੋਰ ਫ਼ਸਲਾਂ ਦੀ ਪੈਦਾਵਾਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਦੀ ਆਰਥਿਕਤਾ ਵਿੱਚ ਵਧੇਰੇ ਮਜ਼ਬੂਤੀ ਆ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਵਿੱਚ ਰਾਇਸੀਲਾ ਫਾਊਂਡੇਸ਼ਨ ਅਤੇ ਦਿ ਸੋਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਕਰਵਾਈ ‘ਕਿਸਾਨ ਮਿਲਣੀ’ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਬਿਲਕੁਲ ਢੁਕਵਾਂ ਸਮਾਂ ਹੈ ਕਿ ਉਹ ਸਰ੍ਹੋਂ ਦੀ ਖੇਤੀ ਨੂੰ ਤਜਰਬੇ ਵਜੋਂ ਆਪਣਾ ਸਕਦੇ ਹਨ ਕਿਉਂਕਿ ਇਸ ਨਾਲ ਜਿੱਥੇ ਪਾਣੀ ਦੀ ਖਪਤ ਕਣਕ ਨਾਲੋ ਘੱਟ ਹੋਵੇਗੀ ਉਥੇ ਹੀ ਫ਼ਸਲ ਦਾ ਵਧੇਰੇ ਝਾੜ ਹੋਣ ਨਾਲ ਵੱਧ ਮੁਨਾਫ਼ਾ ਵੀ ਹੋਵੇਗਾ। ਰਾਇਸੀਲਾ ਫਾਊਂਡੇਸ਼ਨ ਦੇ ਚੇਅਰਮੈਨ ਡਾ. ਏ ਆਰ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਨੂੰ ਸਰ੍ਹੋਂ ਦੀ ਖੇਤੀ ਕਰਨ ਲਈ ਪ੍ਰੇਰਿਤ ਕਰਨਾ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ‘ਦਿ ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ’ ਵੱਲੋਂ ਇਸ ਖੇਤਰ ਵਿੱਚ ਵਧੀਆ ਕੰਮ ਕੀਤਾ ਗਿਆ ਹੈ ਤੇ ਹੁਣ ਕਿਸਾਨਾਂ ਨੂੰ ਪ੍ਰੇਰਿਤ ਕਰਕੇ ‘ਮਾਡਲ ਫਾਰਮ’ ਵਿਕਸਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇਗੀ।