ਪੱਤਰ ਪ੍ਰੇਰਕ
ਭਵਾਨੀਗੜ੍ਹ, 2 ਅਗਸਤ
ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਦੀਆਂ ਜ਼ਮੀਨਾਂ ਵਿੱਚੋਂ ਬਣਾਏ ਜਾ ਰਹੇ ਦਿੱਲੀ-ਕੱਟੜਾ ਨੈਸ਼ਨਲ ਹਾਈਵੇਅ ਲਈ ਕਿਸਾਨਾਂ ਤੋਂ ਸਸਤੇ ਭਾਅ ’ਤੇ ਜ਼ਮੀਨਾਂ ਗ੍ਰਹਿਣ ਕਰਨ ਦੀ ਕਾਰਵਾਈ ਦੇ ਰੋਸ ਵਜੋਂ ਪੀੜਤ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਖ਼ਿਲਾਫ਼ ਪਿੰਡ ਖੇੜੀ ਚੰਦਵਾਂ ਦੀ ਹੱਦ ’ਤੇ 20ਵੇਂ ਦਿਨ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਅਤੇ ਜਗਤਾਰ ਸਿੰਘ ਲੱਡੀ ਨੇ ਕਿਹਾ ਕਿ ਦਿੱਲੀ-ਕੱਟੜਾ ਮਾਰਗ ਅਥਾਰਟੀ ਅਤੇ ਪ੍ਰਸ਼ਾਸਨ ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਦੀ ਜ਼ਮੀਨ ਪੁਰਾਣੇ ਰੇਟ ’ਤੇ ਹੀ ਗ੍ਰਹਿਣ ਕਰ ਰਹੇ ਹਨ ਤੇ ਇਨ੍ਹਾਂ ਵੱਲੋਂ ਜ਼ਮੀਨਾਂ ਉਤੇ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉੁਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ 6 ਅਗਸਤ ਨੂੰ ਬਲਾਕ ਪੱਧਰ ਦਾ ਵੱਡਾ ਇਕੱਠ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਐਚਏਆਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।