ਖੇਤਰੀ ਪ੍ਰਤੀਨਿਧ
ਧੂਰੀ, 22 ਜੁਲਾਈ
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮੰਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ, ਰਾਮ ਸਿੰਘ ਕੱਕੜਵਾਲ ਦੀ ਅਗਵਾਈ ਵਿੱਚ ਧਰਨਾ 294 ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਧਰਨੇ ਜਾਰੀ ਰਹਿਣਗੇ।
ਉਨ੍ਹਾਂ ਕਿਹਾ ਕਿ ਅੱਜ ਸੰਸਦ ਦੇ ਘਿਰਾਓ ਲਈ ਧੂਰੀ ਬਲਾਕ ਵਿੱਚੋਂ 200 ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ ਤੇ ਇਸ ਪਹਿਲਾ ਜਥਾ ਦਿੱਲੀ ਪਹੁੰਚ ਚੁੱਕਾ ਹੈ। ਇਸ ਮੌਕੇ ਗੁਰਜੀਤ ਸਿੰਘ ਲੱਡਾ,ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਰਾਮ ਸਿੰਘ , ਜਸਪਾਲ ਸਿੰਘ ਪੇਧਨੀ, ਜਸਪਾਲ ਸਿੰਘ ਪੇਧਨੀ ਆਦਿ ਹਾਜ਼ਰ ਸਨ।
ਰਾਜਪੁਰਾ (ਪੱਤਰ ਪ੍ਰੇਰਕ): ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਰੰਭੇ ਗਏ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਜੰਤਰ ਮੰਤਰ ’ਤੇ ਚੱਲ ਰਹੀ ‘ਕਿਸਾਨ ਸੰਸਦ’ ਵਿੱਚ ਸ਼ਾਮਿਲ ਹੋਣ ਲਈ ਪਿੰਡ ਹਰਪਾਲਪੁਰ ਤੋਂ ਕਿਸਾਨ ਆਗੂਆਂ ਨਸੀਬ ਸਿੰਘ, ਹਾਕਮ ਸਿੰਘ, ਬੀਰ ਸਿੰਘ, ਬਹਾਦਰ ਸਿੰਘ, ਧਰਮਪਾਲ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਅਤੇ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਦਾ ਜਥਾ ‘ਕਿਸਾਨ ਸੰਸਦ’ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ।
ਜਮਹੂਰੀ ਕਿਸਾਨ ਮੋਰਚਾ ਦੇ ਆਗੂ ਦਿੱਲੀ ਲਈ ਰਵਾਨਾ
ਲਹਿਰਾਗਾਗਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਜੰਤਰ ਮੰਤਰ ’ਤੇ ਕਿਸਾਨ ਸੰਸਦ ਚਲਾਉਣ ਲਈ ਅੱਜ ਇੱਥੋਂ ਦਾ ਜਮਹੂਰੀ ਕਿਸਾਨ ਮੋਰਚਾ ਪੰਜਾਬ ਵੱਲੋਂ ਸੂਬਾਈ ਆਗੂ ਕਾਮਰੇਡ ਭੀਮ ਸਿੰਘ ਆਲਮਪੁਰ, ਲਛਮਣ ਸਿੰਘ ਅਲੀਸ਼ੇਰ, ਰਾਮਪਾਲ ਸਿੰਘ ਰਾਮਗੜ੍ਹ ਸੰਧੂਆਂ, ਮੀਤ ਸਿੰਘ ਅਤੇ ਬੀਰਬਲ ਸਿੰਘ ਲਹਿਲ ਕਲਾਂ ਦੀ ਅਗਵਾਈ ’ਚ ਇੱਥੇ ਦਿੱਲੀ ਲਈ ਰਵਾਨਾ ਹੋਇਆ। ਇਹ ਕਿਸਾਨ ਆਗੂ ਨੇੜਲੇ ਜਾਖਲ ਦੇ ਜੰਕਸ਼ਨ ਤੋਂ ਦਿੱਲੀ ਲਈ ਰਵਾਨਾ ਹੋਏ। ਇਸ ਆਗੂ 23 ਜੁਲਾਈ ਨੂੰ ਪਾਰਲੀਮੈਂਟ ਜਾਣ ਵਾਲੇ ਦੂਜੇ ਜਥੇ ’ਚ ਸ਼ਾਮਲ ਹੋਣਗੇ।