ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਪੈਪਸੀਕੋ ਇੰਡੀਅਨ ਹੋਲਡਿੰਗਜ਼ ਵਰਕਰਜ਼ ਯੂਨੀਅਨ ਚੰਨੋਂ ਵੱਲੋਂ ਖੇਤੀ ਕਾਨੂੰਨਾਂ ਤੇ ਹਾਥਰਸ ’ਚ ਲੜਕੀ ਬਲਾਤਕਾਰ ਕਰਨ ਮਗਰੋਂ ਕਤਲ ਕਰਨ ਦੀ ਵਾਰਦਾਤ ਖ਼ਿਲਾਫ਼ ਬਲਾਕ ਦੇ 15 ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਨ ਮਗਰੋਂ ਟੌਲ ਪਲਾਜ਼ਾ ਕਾਲਾਝਾੜ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਤੇ ਪੈਪਸੀਕੋ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ, ਕ੍ਰਿਸ਼ਨ ਸਿੰਘ ਭੜੋ, ਰਾਜਵੀਰ ਸਿੰਘ ਬਾਲਦ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਤੇ ਬਿਜਲੀ ਸੋਧ ਕਾਨੂੰਨ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨਾਂ ਸਣੇ ਸਮੂਹ ਕਾਲੇ ਕਾਨੂੰਨਾਂ ਨਾਲ ਲੋਕਾਂ ਦੀ ਕਿਰਤ ’ਤੇ ਡਾਕਾ ਮਾਰਨ ਵਾਲੇ ਕੇਂਦਰੀ ਹਾਕਮਾਂ ਨੂੰ ਪੰਜਾਬ ਦੇ ਲੋਕ ਨਹੀਂ ਬਖਸ਼ਣਗੇ। ਬੁਲਾਰਿਆਂ ਨੇ ਕਿਹਾ ਕਿ ਯੂਪੀ ਦੇ ਹਾਥਰਸ ’ਚ ਮਾਸੂਮ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਤੇ ਕਤਲ ਦੀ ਘਿਨਾਉਣੀ ਵਾਰਦਾਤ ਗੁੰਡਾ ਗ੍ਰੋਹ ਤੇ ਭਾਜਪਾ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਇਸ ਅੱਤਿਆਚਾਰ ਦੇ ਜ਼ਿੰਮੇਵਾਰ ਗੁੰਡਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤਾ। ਉਨ੍ਹਾਂ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰਕੇ ਲੋਕਾਂ ਨੂੰ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਯੂਨੀਅਨ ਵੱਲੋਂ ਰਿਲਾਇੰਸ ਪੰਪ ਬਾਲਦ ਕਲਾਂ ਵਿੱਚ ਵੀ ਧਰਨਾ ਜਾਰੀ ਰਿਹਾ। ਇਸੇ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਤੇ ਸਥਿਤ ਟੌਲ ਪਲਾਜ਼ਾ ਮਾਝੀ ਵਿੱਚ ਬਾਰਵੇਂ ਦਿਨ ਵੀ ਧਰਨਾ ਜਾਰੀ ਰੱਖਿਆ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਬਲਾਕ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ, ਰਣਧੀਰ ਸਿੰਘ ਭੱਟੀਵਾਲ, ਅੰਗਰੇਜ਼ ਸਿੰਘ, ਬੁੱਧ ਸਿੰਘ ਬਾਲਦ ਤੇ ਨਛੱਤਰ ਸਿੰਘ ਝਨੇੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ’ਚ 12 ਦਿਨਾਂ ਤੋਂ ਦਿੜ੍ਹਬਾ ਨੇੜੇ ਰਿਲਾਇਸ ਪੰਪ ਦੇ ਘਿਰਾਓ ਕਰਕੇ ਪੱਕਾ ਮੋਰਚਾ ਲਾਇਆ ਹੈ, ਜਿਸ ਵਿੱਚ ਰੋਜ਼ਾਨਾ ਦਿੜ੍ਹਬਾ ਇਲਾਕੇ ਦੇ ਦਰਜਨਾ ਪਿੰਡਾਂ ’ਚੋਂ ਹਜ਼ਾਰਾਂ ਕਿਸਾਨ, ਮਜ਼ਦੂਰ ਅਤੇ ਖਾਸ ਕਰਕੇ ਔਰਤਾਂ ਸ਼ਮੂਲੀਅਤ ਕਰ ਰਹੀਆਂ ਹਨ। ਅੱਜ ਕਿਸਾਨਾਂ ਵੱਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੁਤਲਾ ਫੂਕਿਆ ਗਿਆ ਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਯੂਪੀ ਵਿੱਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਕੁੱਟ ਮਾਰ ਕਾਰਨ ਹੋਈ ਮੌਤ ਮਗਰੋਂ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ। ਉਨ੍ਹਾਂ ਇਸ ਘਟਨਾ ’ਚ ਸ਼ਾਮਲ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਤੇ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨ ਖ਼ਿਲਾਫ਼ ਸੰਘਰਸ਼ ਜਾਰੀ ਰੱਖ ਦਾ ਐਲਾਨ ਕੀਤਾ।