ਪਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ, 15 ਮਈ
ਇੱਥੇ ਵਿਦੇਸ਼ ਭੇਜਣ ਵਾਲੀ ਏਜੰਸੀ ਦੇ ਹੱਕ ਵਿੱਚ ਨਿੱਤਰਦਿਆਂ ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਨਾਣਾ ਦੀ ਅਗਵਾਈ ਹੇਠ ਪੂਰਾ ਸ਼ਹਿਰ ਬੰਦ ਕਰ ਦਿੱਤਾ। ਇਸ ਮਗਰੋਂ ਏਜੰਟ ਪਰਿਵਾਰ ਦੀ ਸਥਾਨਕ ਜੌੜੇ ਪੰਪਾਂ ਨੇੜਲੀ ਟਾਇਰਾਂ ਦੀ ਦੁਕਾਨ ਅੱਗੇ ਬੈਠ ਕੇ ਵਪਾਰੀਆਂ ਨੇ ਕਿਸਾਨ ਯੂਨੀਅਨ ਖ਼ਿਲਾਫ਼ ਧਰਨਾ ਦਿੱਤਾ। ਦੂਜੇ ਪਾਸੇ ਏਜੰਟ ਧਿਰ ਦੇ ਵਿਰੁੱਧ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਤੇ ਬਲਾਕ ਸ਼ਹਿਣਾ ਪ੍ਰਧਾਨ ਜਗਸੀਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਸਥਾਨਕ ਦਾਣਾ ਮੰਡੀ ਵਿੱਚ ਧਰਨਾ ਦਿੱਤਾ। ਦੋਵਾਂ ਧਿਰਾਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੋਵਾਂ ਧਿਰਾਂ ਦੇ ਟਕਰਾਅ ਦੇ ਖਦਸ਼ੇ ਕਾਰਨ ਹਰ ਮੋੜ ’ਤੇ ਪੁਲੀਸ ਤਾਇਨਾਤ ਸੀ।
ਦਾਣਾ ਮੰਡੀ ਵਿੱਚ ਕਿਸਾਨੀ ਧਰਨੇ ਵਿੱਚ ਸ਼ਾਮਲ ਰੁਜ਼ਗਾਰ ਦੀ ਤਲਾਸ਼ ਵਿੱਚ ਇੰਗਲੈਂਡ ਪੁੱਜੇ ਬੇਰੁਜ਼ਗਾਰ ਸ਼ੈਫੀ ਮਿੱਤਲ ਦੇ ਪਾਰਕਿਨਸਨ ਬਿਮਾਰੀ ਤੋਂ ਪੀੜਤ ਪਿਤਾ ਮੱਖਣ ਲਾਲ ਤੇ ਕੈਂਸਰ ਪੀੜਤ ਮਾਤਾ ਕਿਰਨਾ ਰਾਣੀ ਵਾਸੀ ਸ਼ਹਿਣਾ ਨੇ ਦੱਸਿਆ ਕਿ ਕਰੀਬ ਸੱਤ ਕੁ ਮਹੀਨੇ ਪਹਿਲਾਂ ਸੈਫ਼ੀ ਨੂੰ ਬਰਨਾਲਾ ਦੇ ਵੀਜ਼ਾ ਸੈਂਟਰ ਦੇ ਸੰਚਾਲਕ ਰਾਹੀਂ 22.50 ਲੱਖ ਦੇ ਕੇ ਯੂਕੇ ਭੇਜਿਆ ਸੀ। ਉਨ੍ਹਾਂ ਦੇ ਪੁੱਤਰ ਨੂੰ ਕੰਮ ਨਾ ਮਿਲਣ ਕਾਰਨ ਉਹ ਖ਼ਰਚਾ ਘਰੋਂ ਮੰਗਵਾਉਣ ਲਈ ਮਜਬੂਰ ਹੈ। ਏਜੰਟ ਵੱਲੋਂ ਕੋਈ ਪੱਲਾ ਨਾ ਫੜਾਏ ਜਾਣ ਪਿੱਛੋਂ ਉਨ੍ਹਾਂ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜਗਿੱਲ) ਦੀ ਮੱਦਦ ਨਾਲ ਸੰਘਰਸ਼ ਸ਼ੁਰੂ ਕੀਤਾ। ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ ਨੇ ਕਿਹਾ ਕਿ ਲੰਘੇ ਦਿਨੀਂ ਏਜੰਟ ਧਿਰ ਨੇ ਪੀੜਤ ਪਰਿਵਾਰ ਨੂੰ ਸਾਢੇ 17 ਲੱਖ ਵਾਪਸ ਦੇਣੇ ਮੰਨ ਕੇ 8.75 ਲੱਖ ਦਾ ਚੈੱਕ ਵੀ ਦੇ ਦਿੱਤਾ ਸੀ ਪਰ ਬਾਅਦ ਮੁੱਕਰਦਿਆਂ ਚੈੱਕ ਪਾਸ ਨਹੀਂ ਹੋਣ ਦਿੱਤਾ। ਇਸੇ ਕਾਰਨ ਟਾਇਰਾਂ ਦੀ ਦੁਕਾਨ ਅੱਗੇ ਕਿਸਾਨਾਂ ਨਾਲ ਏਜੰਟ ਦੀ ਤਿੱਖੀ ਝੜਪ ਵੀ ਹੋਈ ਸੀ। ਇਸ ਦੇ ਮੱਦੇਨਜ਼ਰ ਅੱਜ ਧਰਨਾ ਦਿੱਤਾ ਗਿਆ। ਉਨ੍ਹਾਂ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਏਜੰਟ ਧਿਰ ਦੇ ਹੱਕ ਵਿੱਚ ਪੁੱਜੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਬਠਿੰਡਾ, ਸੂਬਾ ਸੀਨੀਅਰ ਵਾਈਸ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਅਨਿਲ ਨਾਣਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਬੰਧੀ ਜਾਂਚ ਉਪਰੰਤ ਬਣਦੀ ਕਾਰਵਾਈ ਕਰੇ ਪਰ ਦੁਕਾਨ ’ਤੇ ਆ ਕੇ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ। ਜੇ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਦੂਸਰੇ ਸ਼ਹਿਰਾਂ ਵਿੱਚ ਵੀ ਫੈਲੇਗਾ।
ਡੀਐੱਸਪੀ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ
ਡੀਐੱਸਪੀ (ਡੀ) ਬਰਨਾਲਾ ਰਾਜਿੰਦਰਪਾਲ ਸਿੰਘ ਤੇ ਇੰਸਪੈਕਟਰ ਬਲਜੀਤ ਸਿੰਘ ਨੇ ਕਿਸਾਨੀ ਧਰਨੇ ਵਿੱਚ ਪੁੱਜ ਕੇ ਭਰੋਸਾ ਦਿਵਾਇਆ ਕਿ 2-3 ਦਿਨਾਂ ਵਿੱਚ ਇਸ ਦਾ ਹੱਲ ਕਰਵਾ ਦਿੱਤਾ ਜਾਵੇਗਾ ਜੇ ਦੂਜੀ ਧਿਰ ਨਾ ਮੰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਗੂਆਂ ਨੇ ਵਾਅਦਾਖਿਲਾਫੀ ਹੋਣ ’ਤੇ ਮੁੜ ਤਿੱਖੇ ਸੰਘਰਸ਼ ਦੀ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਮੰਗੇ ਸਮੇਂ ਤੱਕ ਧਰਨਾ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤਾ।