ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਪਰੈਲ
ਬੀਕੇਯੂ (ਉਗਰਾਹਾਂ) ਦੇ ਬਲਾਕ ਭਵਾਨੀਗੜ੍ਹ ਦੀ ਪਿੰਡ ਇਕਾਈ ਬਲਵਾੜ ਕਲਾਂ ਦੇ ਜਨਰਲ ਸਕੱਤਰ ਸੁੱਚਾ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪਿੰਡ ਇਕਾਈ ਦੇ ਪ੍ਰਧਾਨ ਨਾਜਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸੁੱਚਾ ਸਿੰਘ ਨੂੰ ਦਿਲ ਦਾ ਦੌਰਾ ਪਿਆ ਜੋ ਕਿ ਜਾਨਲੇਵਾ ਸਾਬਿਤ ਹੋਇਆ। ਉਹ 55 ਵਰ੍ਹਿਆਂ ਦੇ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਜਥੇਬੰਦੀ ਲਈ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 21 ਅਪਰੈਲ ਨੂੰ ਦਿੱਲੀ ਮੋਰਚੇ ਲਈ ਕਾਫ਼ਲੇ ਰਵਾਨਾ ਕਰਨੇ ਹਨ, ਜਿਸ ਦੀ ਤਿਆਰੀ ਵਿੱਚ ਉਹ ਕਈ ਦਿਨਾਂ ਤੋਂ ਜੁੱਟੇ ਹੋਏ ਸਨ। ਅੰਤਿਮ ਸੰਸਕਾਰ ਮੌਕੇ ਆਗੂਆਂ ਵੱਲੋਂ ਯੂਨੀਅਨ ਦਾ ਝੰਡਾ ਚੜ੍ਹਾ ਕੇ ਸੁੱਚਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।