ਪੱਤਰ ਪ੍ਰੇਰਕ
ਸ਼ੇਰਪੁਰ, 9 ਜਨਵਰੀ
ਸੋਸ਼ਲ ਮੀਡੀਆ ’ਤੇ ਇੱਕ ਪੁਲੀਸ ਮੁਲਾਜ਼ਮ ਦੀ ਫੋਟੋ ਸ਼ੇਅਰ ਕਰਨ ਦਾ ਮਾਮਲਾ ਕਾਫ਼ੀ ਭਖ਼ਿਆ ਹੋਇਆ ਹੈ।ਇਸ ਮਾਮਲੇ ’ਚ ਜ਼ਿਲ੍ਹਾ ਪੁਲੀਸ ਦੇ ਇੱਕ ਵਿਸ਼ੇਸ਼ ਸੈੱਲ ਵੱਲੋਂ ਫੋਟੋ ਸ਼ੇਅਰ ਕਰਨ ਵਾਲਿਆਂ ਨੌਜਵਾਨ ਕਿਸਾਨਾਂ ਨੂੰ ਮੁਆਫ਼ੀਆਂ ਮੰਗ ਕੇ ਵੀਡੀਓਜ਼ ਪਾਏ ਜਾਣ ਦੇ ਬਾਵਜੂਦ ਵੀ ਪੜ੍ਹਨੇ ਪਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀ ਸੰਗਰੂਰ ’ਚ ਭਾਜਪਾ ਪੰਜਾਬ ਦੀ ਆਗੂ ਦੀ ਆਮਦ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਏ ਲਾਠੀਚਾਰਜ ਦੇ ਮੱਦੇਨਜ਼ਰ ਇੱਕ ਪੁਲੀਸ ਮੁਲਾਜ਼ਮ ਦੀ ਫੋਟੋ ਸ਼ੇਅਰ ਹੋਈ ਜਿਸ ਬਾਰੇ ਲਿਖਿਆ ਗਿਆ ਕਿ ਇਸ ਮੁਲਾਜ਼ਮ ਨੇ ਕਿਸਾਨਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਹੈ। ਇੱਕ ਨੌਜਵਾਨ ਤੋਂ ਫੋਟੋ ਸ਼ੇਅਰ ਕਰਨ ਦੀ ਗਲਤੀ ਸਬੰਧੀ ਮੁਆਫ਼ੀ ਦੀ ਵੀਡੀਓ ਬਣਾਏ ਜਾਣ ਮਗਰੋਂ ਉਸਨੂੰ ਰੱਦ ਕਰਕੇ ਮੁੜ ਵੀਡੀਓ ਬਣਾਉਣ ਦਾ ਸਿਲਸਿਲਾ ਚੱਲਿਆ।ਉਸ ਨੌਜਵਾਨ ਨੂੰ ਭਾਵੇਂ ਮੌਕੇ ’ਤੇ ਘਰ ਭੇਜ ਦਿੱਤਾ ਗਿਆ ਪਰ ਪੁਲੀਸ ਦੇ ਲਗਾਤਾਰ ਜਾਂਦੇ ਫੋਨਾਂ ਕਾਰਨ ਉਸ ਦਾ ਪਿਤਾ ਪ੍ਰੇਸ਼ਾਨ ਹੋ ਗਿਆ ਜੋ ਬੀਤੀ ਰਾਤ ਆਪਣੇ ਕਮਰੇ ਨੂੰ ਅੱਗ ਲਗਾਕੇ ਗੁੱਸੇ ਵਿੱਚ ਘਰੋਂ ਚਲਿਆ ਗਿਆ ਹੈ। ਇਹ ਮਾਮਲਾ ਜਿਉਂ ਹੀ ਪੁਲੀਸ ਕਰਮਚਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਪੁਲੀਸ ਨੇ ਫੋਨ ਕਰਨੇ ਬੰਦ ਕੀਤੇ।ਮਾਮਲਾ ਕਿਰਤੀ ਕਿਸਾਨ ਯੂਨੀਅਨ ਰਾਹੀਂ ਦਿੱਲੀ ਬੈਠੀਆਂ ਹੋਰ ਜਥੇਬੰਦੀਆਂ ਦੇ ਧਿਆਨ ’ਚ ਹੈ ਅਤੇ ਕਿਸਾਨ ਜਥੇਬੰਦੀਆਂ ਸਬੰਧਤ ਪਰਿਵਾਰ ਨਾਲ ਰਾਬਤੇ ’ਚ ਹਨ। ਇਸ ਸਬੰਧੀ ਡੀਐੱਸਪੀ ਧੂਰੀ ਪਰਮਜੀਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਹ ਮਾਮਲਾ ਹੁਣੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਉਹ ਇਸ ਦੀ ਖ਼ੁਦ ਪੜਤਾਲ ਕਰਨਗੇ।