ਨਿਜੀ ਪੱਤਰ ਪ੍ਰੇਰਕ
ਸੰਗਰੂਰ, 13 ਜਨਵਰੀ
ਪਿੰਡ ਸ਼ਾਦੀਹਰੀ ਦੇ ਖੇਤ ਮਜ਼ਦੂਰ ਨੌਜਵਾਨਾਂ ਦੀ ਰਿਹਾਈ ਲਈ ਦਲਿਤ ਵਰਗ ਨਾਲ ਸਬੰਧਤ ਸੈਂਕੜੇ ਲੋਕ ਕੜਾਕੇ ਦੇ ਠੰਢ ਦੇ ਬਾਵਜੂਦ ਦੂਜੇ ਦਿਨ ਵੀ ਐੱਸਐੱਸਪੀ ਦਫ਼ਤਰ ਅੱਗੇ ਰੋਸ ਧਰਨੇ ’ਤੇ ਡਟੇ ਹੋਏ ਹਨ। ਇਨਸਾਫ਼ ਲਈ ਡਟੇ ਲੋਕ ਅੱਜ ਲੋਹੜੀ ਦਾ ਤਿਉਹਾਰ ਵੀ ਐੱਸਐੱਸਪੀ ਦਫ਼ਤਰ ਅੱਗੇ ਹੀ ਮਨਾਉਣਗੇ।ਧਰਨੇ ਦੌਰਾਨ ਤਿੰਨ ਨੌਜਵਾਨਾਂ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਦੂਜੇ ਦਿਨ ਜਾਰੀ ਰਿਹਾ। ਠੰਢ ’ਚ ਧਰਨੇ ’ਤੇ ਔਰਤਾਂ ਖੁੱਲ੍ਹੇ ਆਸਮਾਨ ਹੇਠਾਂ ਰਾਤ ਭਰ ਡਟੀਆਂ ਰਹੀਆਂ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ ਮਲੌਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਲੌਂਗੋਵਾਲ, ਜਬਰ ਵਿਰੋਧੀ ਸੰਘਸ਼ ਕਮੇਟੀ ਦੇ ਆਗੂ ਮੱਖਣ ਸਿੰਘ ਸ਼ਾਦੀਹਰੀ ਤੇ ਡੈਮੋਕ੍ਰੈਟਿਕ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਐਸਸੀ ਵਰਗ ਦੇ ਲੋਕ ਪਿੰਡ ਸ਼ਾਦੀਹਰੀ ਦੀ ਕੋਆਪ੍ਰੇਟਿਵ ਸੁਸਾਇਟੀ ’ਚ ਕਾਨੂੰਨ ਅਨੁਸਾਰ ਹੀ ਮੈਂਬਰ ਬਣਨਾ ਚਾਹੁੰਦੇ ਹਨ ਪਰ ਸੁਸਾਇਟੀ ਦੇ ਅਹੁਦੇਦਾਰ ਐਸਸੀ ਵਰਗ ਦੇ ਖੇਤ ਮਜ਼ਦੂਰਾਂ ਨੂੰ ਮੈਂਬਰ ਨਹੀਂ ਬਣਨ ਦੇ ਰਹੇ ਤੇ ਵਿਰੋਧ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਐਸ.ਸੀ. ਵਰਗ ਨਾਲ ਸਬੰਧਤ ਪੰਜ ਖੇਤ ਮਜ਼ਦੂਰਾਂ ਨੂੰ ਉਸ ਸਮੇਂ ਗ਼੍ਰਿਫ਼ਤਾਰ ਕਰ ਲਿਆ ਸੀ ਜਦੋਂ ਪੁਲੀਸ ਨੇ ਕੋਆਪ੍ਰੇਟਿਵ ਸੁਸਾਇਟੀ ਦਾ ਮਾਮਲਾ ਨਬਿੇੜਨ ਲਈ ਪੁਲੀਸ ਚੌਕੀ ਕੌਹਰੀਆਂ ਬੁਲਾਇਆ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਤੋਂ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਪੁਲੀਸ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਜਿਸ ਕਾਰਨ ਜਨਤਕ ਜਮਹੂਰੀ ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਠੰਢ ਦੀ ਪ੍ਰਵਾਹ ਕੀਤੇ ਬਿਨਾਂ ਐੱਸਐੱਸਪੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਹੈ ਜੋ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਪੁਲੀਸ ਵੱਲੋਂ ਗੱਲਬਾਤ ਰਾਹੀਂ ਪੱਕਾ ਰੋਸ ਧਰਨਾ ਖਤਮ ਕਰਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਜਦੋਂ ਤੱਕ ਖੇਤ ਮਜ਼ਦੂਰਾਂ ਦੀ ਰਿਹਾਈ ਨਹੀਂ ਹੁੰਦੀ ਉਦੋਂ ਤੱਕ ਰੋਸ ਧਰਨਾ ਜਾਰੀ ਰਹੇਗਾ। ਮੁਕੇਸ਼ ਮਲੌਦ ਅਨੁਸਾਰ ਅੱਜ ਜਥੇਬੰਦੀਆਂ ਦੇ ਵਫ਼ਦ ਦੀ ਡੀਐਸਪੀ ਸੱਤਪਾਲ ਸ਼ਰਮਾ ਨਾਲ ਮੀਟਿੰਗ ਹੋਈ ਹੈ ਜਿਨ੍ਹਾਂ ਨੇ ਜਲਦ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ। ਉਧਰ, ਡੀਐੱਸਪੀ ਦਿੜਬਾ ਪ੍ਰਿਥੀ ਸਿੰਘ ਚਹਿਲ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਕਿ ਪੰਜ ਨੌਜਵਾਨਾਂ ਦੀ ਗ੍ਰਿਫ਼ਤਾਰੀ ਪਹਿਲਾਂ ਹੀ ਦਰਜ ਕੇਸ ਵਿਚ ਹੋਈ ਹੈ ਜਿਸਦਾ ਕੋਆਪ੍ਰੇਟਿਵ ਸੁਸਾਇਟੀ ਮਸਲੇ ਨਾਲ ਕੋਈ ਸਬੰਧ ਨਹੀਂ।