ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਨਵੰਬਰ
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਦੀਵਾਲੀ ਦਾ ਤਿਉਹਾਰ ਕਿਸਾਨੀ ਸੰਘਰਸ਼ ਕਰਕੇ ਆਮ ਤੌਰ ’ਚ ਮੱਠਾ ਰਿਹਾ ਪਰ ਸ਼ਹਿਰ ’ਚ ਕਈ ਦੁਕਾਨਦਾਰ ਚੋਰੀ ਛਿਪੇ ਪਟਾਕੇ ਵੇਚਦੇ ਰਹੇ ਜਿਸ ਦੀ ਬਦੌਲਤ ਸ਼ਹਿਰੀਆਂ ਨੇ ਰਾਤ ਨੂੰ ਖੂਬ ਪਟਾਕੇ ਚਲਾਏ। ਕਈ ਪਿੰਡਾਂ ’ਚ ਕਿਸਾਨ ਜਥੇਬੰਦੀ ਦੇ ਸੱਦੇ ’ਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨੇ ਦੀਵੇ ਨਾ ਬਾਲ ਕੇ ਕਾਲੀ ਦੀਵਾਲੀ ਮਨਾਈ। ਖੇਤੀ ਮਾਹਰ ਅੰਮ੍ਰਿਤ ਵਿੱਕੀ ਹਰਿਆਓ ਨੇ ਦੱਸਿਆ ਕਿ ਇਸ ਵਾਰ ਕਿਸਾਨੀ ਸੰਘਰਸ਼ ਕਰਕੇ ਬਹੁਤੇ ਲੋਕਾਂ ਨੇ ਪੈਸੇ ਦੀ ਘਾਟ ਅਤੇ ਮਹਿੰਗਾਈ ਕਰਕੇ ਜ਼ਿਆਦਾ ਖੀਰਦਦਾਰੀ ਨਹੀਂ ਕੀਤੀ ਤੇ ਦੀਵਾਲੀ ਨੂੰ ਖੁਸ਼ੀ ਦੀ ਥਾਂ ਮਹਿਜ਼ ਰਵਾਇਤ ਵਜੋਂ ਹੀ ਮਨਾਇਆ।
ਧੂਰੀ (ਪਵਨ ਕੁਮਾਰ ਵਰਮਾ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਹਾਂਗੀਰ-ਕਹੇਰੂ (ਸੰਗਰੂਰ) ਵਿਚ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ। ਵਿਦਿਆਰਥੀਆਂ ਨੇ ਰੰਗਦਾਰ ਕਾਗਜ਼ਾਂ ਨੂੰ ਜੋੜ ਕੇ ਲੜੀਆਂ ਨਾਲ ਕਮਰਿਆਂ ਨੂੰ ਸਜਾਇਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗੋਲੀ ਬਣਾਈ, ਸਜਾਵਟੀ ਦੀਵੇ ਬਣਾਏ। ਜਸਵਿੰਦਰ ਕੌਰ ਐਸ.ਐਸ.ਮਿਸਟ੍ਰੈਸ ਨੇ ਦੀਵਾਲੀ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਪ੍ਰਦੂਸ਼ਣ ਰਹਿਤ ਅਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂੰ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਵਿੱਚ ਬਤੌਰ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਕੁਲਦੀਪ ਸਿੰਘ ਮਰਾਹੜ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਦੀਵਾਲੀ ਵਾਲੇ ਦਿਨ ਸਕੂਲ ਪਹੁੰਚ ਕੇ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਈ। ਇਸ ਮੌਕੇ ਕੁਲਦੀਪ ਸਿੰਘ ਮਰਾਹੜ ਨੇ ਕਿਹਾ ਕਿ ਸਾਨੂੰ ਦੀਵਾਲੀ ਵਰਗੇ ਪਵਿੱਤਰ ਤਿਉਹਾਰ ਉਪਰ ਪਟਾਕੇ ਚਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਚਾਹੀਦਾ ਸਗੋਂ ਵੱਧ ਤੋਂ ਵੱਧ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਬੂਟੇ ਲਗਾਉਣ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ ਜੋ ਮਨੁੱਖੀ ਜੀਵਨ ਲਈ ਵਰਦਾਨ ਹੈ।
ਦੀਵਾਲੀ ਵਾਲੇ ਦਿਨ ਵੀ ਡਟੇ ਰਹੇ ਸਿਹਤ ਕਾਮੇ
ਸੰਗਰੂਰ (ਮੋਹਿੰਦਰ ਕੌਰ ਮੰਨੂ): ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿੱਚ 100 ਵਿਅਕਤੀਆਂ ਦੇ ਕੋਵਿਡ ਸੈਂਪਲ ਲਏ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਵੀ ਸਿਹਤ ਕਾਮੇ ਆਪਣਾ ਫਰਜ਼ ਸਮਝਦੇ ਹੋਏ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਟੈਸਟ ਕਰਨ ਲਈ ਸੇਵਾ ਕਰਦੇ ਰਹੇ। ਉਨ੍ਹਾਂ ਕਿਹਾ ਕੇ ਲੋਕ ਕੋਵਿਡ ਨੂੰ ਹਲਕੇ ਵਿੱਚ ਨਾ ਲੈਣ। ਕੋਵਿਡ ਦੇ ਬਚਾਅ ਲਈ ਧੂੰਏਂ ਤੋਂ ਬਚਾਅ ਵੀ ਜ਼ਰੂਰੀ ਹੈ, ਇਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। ਇਸ ਮੌਕੇ ਗੁਲਜ਼ਾਰ ਖਾਨ, ਨਿਰਭੈ ਸਿੰਘ ਐਸ.ਆਈ, ਰਾਜੇਸ਼ ਰਿਖੀ, ਰਾਵਿੰਦਰ ਕੌਰ, ਉਪ ਵੈਦ ਮੁਹੰਮਦ ਰਫਾਨ, ਕੁਲਵੰਤ ਸਿੰਘ ਗਿੱਲ, ਬੂਟਾ ਸਿੰਘ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।