ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਨਵੰਬਰ
ਪੈਨਸ਼ਨਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ 66 ਕੇਵੀ ਗਰਿੱਡ ਵਿਖੇ ਮੁਲਾਜ਼ਮਾਂ ਵੱਲੋਂ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਗੁਰਬਚਨ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿੱਚ ਇਕੱਠੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੰਗਰੂਰ ਸਰਕਲ ਦੇ ਸਕੱਤਰ ਕਾਮਰੇਡ ਮੋਹਨ ਲਾਲ ਨੇ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਨੇ ਤੇ ਪਾਵਰਕੌਮ ਦੀ ਮੈਨੇਜਮੈਂਟ ਨੇ ਸੰਘਰਸ਼ਕਾਰੀਆਂ ਦੀ ਇੱਕ ਵੀ ਨਹੀਂ ਸੁਣੀ। ਜਿਸ ਕਾਰਨ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਹੈ। ਬੁਲਾਰੇ ਨੇ ਕਿਹਾ ਕਿ 6 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ 25 ਨਵੰਬਰ ਨੂੰ ਪਟਿਆਲਾ ਹੈੱਡ ਆਫਿਸ ਨੂੰ ਘੇਰਿਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਮੁਲਾਜ਼ਮਾਂ ਤੇ ਸੇਵਾਮੁਕਤ ਕਰਮੀਆਂ ਨੂੰ ਤੰਗ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਡੀਏ ਦੀਆਂ ਕਿਸ਼ਤਾਂ, ਡੀਏ ਦਾ ਬਕਾਇਆ, ਮੈਡੀਕਲ ਭੱਤਾ ਆਦਿ ਮੰਗਾਂ ਨੂੰ ਲੈ ਕੇ ਮੁਲਾਜ਼ਮ ਲੰਬੇ ਸਮੇਂ ਤੋਂ ਪਾਵਰਕੌਮ ਦੇ ਅਧਿਕਾਰੀਆਂ ਨੂੰ ਮਿਲਦੇ ਆ ਰਹੇ ਹਨ ਪਰ ਪਾਵਰਕੌਮ ਅਧਿਕਾਰੀਆਂ ਦੇ ਕੰਨੀਂ ਜੂੰ ਨਹੀਂ ਸਰਕੀ। ਧਰਨੇ ਨੂੰ ਅਜੇ ਕੁਮਾਰ ਖਜ਼ਾਨਚੀ, ਜਸਵੰਤ ਰਾਏ ਲੌਂਗੋਵਾਲ, ਸੋਮ ਸਿੰਘ, ਅਵਿਨਾਸ਼ ਖੰਨਾ ਲੌਂਗੋਵਾਲ, ਲਖਵਿੰਦਰ ਸਿੰਘ ਪ੍ਰਧਾਨ, ਗੁਰਤੇਜ ਸਿੰਘ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਜੋਗਿੰਦਰ ਬਿੱਲਾ ਪ੍ਰਧਾਨ ਉੱਭਾਵਾਲ, ਜਰਨੈਲ ਲੌਂਗੋਵਾਲ, ਭਗਵਾਨ ਸਿੰਘ ਪ੍ਰਧਾਨ ਦਿਹਾਤੀ ਸੁਨਾਮ, ਰਣਜੀਤ ਸਿੰਘ, ਜੀਤ ਸਿੰਘ, ਦਵਿੰਦਰ ਉੱਭਾਵਾਲ ਅਤੇ ਨਵੀ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।