ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਗਸਤ
ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਉੱਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬੈਨਰ ਹੇਠ ਜਬਰਦਸ਼ਤ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੇ ਲਾਰਿਆਂ ਤੇ ਝੂਠੇ ਵਾਅਦਿਆਂ ਦੀ ਪੰਡ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਫੂਕੀ ਗਈ। ਇਸ ਤੋਂ ਬਾਅਦ ਦਫ਼ਤਰ ਕਾਰਜਕਾਰੀ ਇੰਜਨੀਅਰ ਜਲ ਸਰੋਤ ਤੇ ਸੈਨੀਟੇਸ਼ਨ ਵਿਭਾਗ, ਦਫਤਰ ਜਲ ਸਰੋਤ ਵਿਭਾਗ ਤੇ ਦਫਤਰ ਵਣ ਮੰਡਲ ਅਫਸਰ ਅੱਗੇ ਵੀ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੇ ਵਾਅਦਿਆਂ ਦੀਆਂ ਪੰਡਾਂ ਫੂਕੀਆਂ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਤਾਂ 18 ਤੋਂ 30 ਸਤੰਬਰ ਤੱਕ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਭੁੱਖ ਹੜਤਾਲ ਕੀਤੀ ਜਾਵੇਗੀ ਤੇ 16 ਅਕਤੂਬਰ ਤੋਂ ਪੂਰੇ ਰਾਜ ’ਚ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਮਾਲਵਿੰਦਰ ਸਿੰਘ ਤੇ ਫਕੀਰ ਸਿੰਘ ਟਿੱਬਾ ਨੇ ਦੱਸਿਆ ਕਿ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਕਾਂਗਰਸ ਦੇ ਚੋਣ ਮੈਨੀਫੈਸਟੋ ’ਚ ਲਿਖਤੀ ਵਾਅਦੇ ਕੀਤੇ ਗਏ ਸਨ ਕਿ ਸਰਕਾਰ ਬਣਨ ਸਾਰ ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣਗੇ। ਮੁਲਾਜ਼ਮਾਂ ਨੂੰ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਇੱਕ ਮਹੀਨੇ ਚ ਜਾਰੀ ਕੀਤੀ ਜਾਵੇ ਜਾਵੇਗੀ। ਬਕਾਇਆ ਡੀਏ ਦੀਆਂ ਕਿਸਤਾਂ ਅਤੇ ਡੀਏ ਦਾ ਬਕਾਇਆ ਸਰਕਾਰ ਬਣਨ ਸਾਰ ਦਿੱਤਾ ਜਾਵੇਗਾ। ਪਰ ਸਰਕਾਰ ਬਣਨ ਤੋਂ ਬਾਅਦ ਇਕ ਵੀ ਵਾਅਦਾ ਵਫਾ ਨਹੀਂ ਹੋਇਆ। ਉਲਟਾ ਮੁਲਾਜ਼ਮਾਂ ਦਾ ਡੀਏ ਜਾਮ ਕਰ ਦਿੱਤਾ ਗਿਆ ਤੇ ਵਿਭਾਗ ਦਾ ਪੁਨਰਗਠਨ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਜਿਸ ਕਾਰਨ ਮੁਲਾਜਮਾਂ ਅੰਦਰ ਗੁੱਸੇ ਤੇ ਬੇਚੈਨੀ ਦੀ ਲਹਿਰ ਫ਼ੈਲ ਗਈ ਹੈ।
ਪਟਿਆਲਾ (ਗੁਰਨਾਮ ਸਿੰਘ ਅਕੀਦਾ) ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ’ਤੇ ਜੰਗਲਾਤ ਵਰਕਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਵੱਲੋਂ ਵਣ ਮੰਡਲ ਦਫ਼ਤਰ ਅੱਗੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸ਼ੇਰ ਸਿੰਘ ਸਰਹਿੰਦ, ਰਣਬੀਰ ਸਿੰਘ, ਸਵਰਨਜੀਤ ਸਿੰਘ ਤੇ ਜਸਵਿੰਦਰ ਸੌਜਾ ਆਦਿ ਨੇ ਦੱਸਿਆ ਕਿ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਲਿਖਤੀ ਵਾਅਦੇ ਕੀਤੇ ਗਏ ਸਨ ਕਿ ਸਰਕਾਰ ਬਣਨ ਸਾਰ ਕੱਚੇ ਕਾਮੇ ਪੱਕੇ ਕੀਤੇ ਜਾਣਗੇ, ਮੁਲਾਜ਼ਮਾਂ ਨੂੰ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਇੱਕ ਮਹੀਨੇ ’ਚ ਜਾਰੀ ਕਰ ਦਿੱਤੀ ਜਾਵੇਗੀ, ਡੀਏ ਦੀਆਂ ਕਿਸ਼ਤਾਂ ਤੇ ਡੀਏ ਦਾ ਬਕਾਇਆ ਸਰਕਾਰ ਬਣਨ ਸਾਰ ਦਿੱਤਾ ਜਾਵੇਗਾ। ਪਰ ਸਰਕਾਰ ਬਣਨ ਤੋਂ ਬਾਅਦ ਇੱਕ ਵੀ ਵਾਅਦਾ ਵਫ਼ਾ ਨਹੀਂ ਹੋਇਆ।
ਘਨੌਰ (ਪੱਤਰ ਪ੍ਰੇਰਕ) ਪੰਜਾਬ ਯੂ.ਟੀ ਮੁਲਾਜ਼ਮ, ਪੈਨਸ਼ਨਰਜ਼ ਸਾਂਝਾ ਫਰੰਟ, ਪੀ.ਡਬਲਯੂ.ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਤੇ ਜੰਗਲਾਤ ਵਰਕਰਜ਼ ਯੂਨੀਅਨ ਦੇ ਸਾਂਝੇ ਸੱਦੇ ’ਤੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮੰਗਾਂ ਨੁੂੰ ਲੈ ਕੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੇ ਸ਼ੰਭੂ-ਘਨੌਰ ਰੋਡ ਵਾਲੇ ਨਹਿਰੀ ਪੁਲ ਕੋਲ ਯੂਨੀਅਨ ਆਗੂਆਂ ਜ਼ਿਲ੍ਹਾ ਜਨਰਲ ਸਕੱਤਰ ਛੱਜੂ ਰਾਮ, ਲਖਵਿੰਦਰ ਸਿੰਘ ਖਾਨਪੁਰ, ਪ੍ਰਕਾਸ਼ ਸਿੰਘ ਦੀ ਅਗਵਾਈ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ ਗਈ।