ਨਿੱਜੀ ਪੱਤਰ ਪ੍ਰੇਰਕ
ਧੂਰੀ, 20 ਜਨਵਰੀ
ਸਾਬਕਾ ਸੰਸਦੀ ਸਕੱਤਰ ਤੇ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਵੱਲੋਂ ਅੱਜ ਧੂਰੀ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨਾਲ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਨੇੜਲੇ ਪਿੰਡ ਮਾਨਾਂ ਵਿੱਚ ਕੀਤੀ ਗਈ ਮੀਟਿੰਗ ਮਗਰੋਂ ਬਾਬੂ ਗਰਗ ਨੇ ਕਿਹਾ ਕਿ ਉਹ ਬਾਹਰਲੇ ਉਮੀਦਵਾਰ ਨਹੀਂ ਹਨ, ਸਗੋਂ ਉਹ ਹਲਕਾ ਧੂਰੀ ਦੇ ਹੀ ਜੰਮਪਲ ਹਨ। ਉਨ੍ਹਾਂ ਕਿਹਾ ਕਿ ਹਲਕਾ ਧੂਰੀ ਉਨ੍ਹਾਂ ਦਾ ਨਾਨਕਾ ਪਰਿਵਾਰ ਹੈ ਅਤੇ ਉਹ ਹਲਕਾ ਧੂਰੀ ਦੇ ਲੋਕਾਂ ਦੀ ਸੇਵਾ ਕਰਨ ਦੇ ਮਕਸਦ ਨਾਲ ਹੀ ਧੂਰੀ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਧੂਰੀ ਵਿੱਚ ਰਾਮਗੜੀਆ ਗੁਰਦੁਆਰਾ ਰੋਡ ’ਤੇ ਰਿਹਾਇਸ਼ ਵੀ ਕਰ ਲਈ ਗਈ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੱਸਿਆ ਲਈ ਕਦੇ ਵੀ ਉਨ੍ਹਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਇਹ ਯਕੀਨ ਦਿਵਾਇਆ ਕਿ ਪੰਜਾਬ ਅੰਦਰ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਰਿਕਾਰਡਤੋੜ ਵਿਕਾਸ ਕਰਵਾਇਆ ਜਾਵੇਗਾ ਅਤੇ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਆੜ ਹੇਠ ਹੋਈਆਂ ਧਾਂਦਲੀਆਂ ਦੀ ਉਚ ਪੱਧਰੀ ਜਾਂਚ ਵੀ ਕਰਵਾਈ ਜਾਵੇਗੀ।