ਜਗਤਾਰ ਸਿੰਘ ਨਹਿਲ
ਲੌਂਗੋਵਾਲ, 17 ਜੁਲਾਈ
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਸਾਹੋਕੇ ਵਿੱਚ ਢੋਲ ਮਾਰਚ ਕੱਢ ਕੇ ਕਿਸਾਨਾਂ ਨੂੰ 27 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਾਬੂ ਪ੍ਰਕਾਸ਼ ਚੰਦ ਗਰਗ ਦੇ ਘਰ ਅੱਗੇ ਭਵਾਨੀਗੜ੍ਹ ਵਿੱਚ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾਂ ਅਤੇ ਭਜਨ ਸਿੰਘ ਢੱਡਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸ, ਬਿਜਲੀ ਸੋਧ ਬਿੱਲ-2020 ਜੋ ਪਾਸ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਹਰ ਰੋਜ਼ ਵਾਧਾ ਕਰ ਰਹੀ ਹੈ, ਇਹ ਸਾਰੇ ਲੋਕ ਤੇ ਕਿਸਾਨ ਵਿਰੋਧੀ ਕੰਮ ਜੋ ਕੇਂਦਰ ਸਰਕਾਰ ਕਰ ਰਹੀ ਹੈ ਤੇ ਭਾਜਪਾ ਨੂੰ ਹਮਾਇਤ ਦੇਣ ਕਰਕੇ ਅਕਾਲੀ ਦਲ ਦੇ ਚਿਹਰੇ ਤੋਂ ਵੀ ਲੋਕ ਪੱਖੀ ਤੇ ਕਿਸਾਨ ਪੱਖੀ ਪਾਰਟੀ ਦਾ ਲਬਿਾਸ ਉੱਤਰ ਗਿਆ ਹੈ। ਇਨ੍ਹਾਂ ਕਾਨੂੰਨਾਂ ਨੂੰ ਸੰਘਰਸ਼ ਦੇ ਬਲ ਉੱਤੇ ਰੱਦ ਕਰਵਾਇਆ ਜਾਵੇਗਾ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸੇ ਵੀ ਕੀਮਤ ’ਤੇ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਦੇਣਗੀਆਂ। ਇਸੇ ਲਈ 27 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਅਕਾਲੀ- ਭਾਜਪਾ ਲੀਡਰਾਂ ਦੇ ਘਰਾਂ ਅੱਗੇ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੀ ਤਿਆਰੀ ਲਈ ਅੱਜ ਪਿੰਡ ਸਾਹੋਕੇ ਵਿੱਚ ਢੋਲ ਮਾਰਚ ਕੱਢ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ। ਅੱਜ ਦੇ ਰੋਸ ਮਾਰਚ ਦੀ ਅਗਵਾਈ ਇਕਾਈ ਪ੍ਰਧਾਨ ਅਵਤਾਰ ਸਿੰਘ ਸਾਹੋਕੇ, ਜਸਵੀਰ ਸਿੰਘ, ਭਜਨ ਸਿੰਘ ਰੱਤੋਕੇ, ਰਾਜਾ ਸਿੰਘ ਤੇ ਬਹਾਦਰ ਸਿੰਘ ਜੈਦ, ਜਸਦੀਪ ਸਿੰਘ ਨੇ ਕੀਤੀ।
ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ
ਧੂਰੀ (ਹਰਦੀਪ ਸਿੰਘ ਸੋਢੀ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਤੇ ਬਲਾਕ ਸ਼ੇਰਪੁਰ ਦੀ ਮੀਟਿੰਗ ਵਿੱਚ 20 ਜੁਲਾਈ ਦੇ ਪ੍ਰੋਗਰਾਮ ਬਾਰੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਪ੍ਰੈੱਸ ਸਕੱਤਰ ਜਗਦੀਪ ਸਿੰਘ ਪਲਾਸੌਰ ਨੇ ਪ੍ਰੈੱਸ ਨੂੰ ਦੱਸਿਆ ਕਿ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਨੇ ਸਾਰੇ ਪ੍ਰੋਗਰਾਮ ਦੀ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਖਤਮ ਕਰਨ ਲਈ ਜੋ ਤਿੰਨ ਕਿਸਾਨ ਮਾਰੂ ਆਰਡੀਨੈਂਸ 2020 ਅਤੇ ਬਿਜਲੀ ਸੋਧ ਕਾਨੂੰਨ 2020 ਜਾਰੀ ਕੀਤੇ ਹਨ, ਇਨ੍ਹਾਂ ਨੂੰ ਰੱਦ ਕਰਵਾਉਣ ਲਈ 20 ਜੁਲਾਈ ਨੂੰ ਸਾਰੇ ਪੰਜਾਬ ’ਚ ਬਲਾਕ ਪੱਧਰ ’ਤੇ ਹਾਈਵੇ ’ਤੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਟਰੈਕਟਰ ਖੜ੍ਹਾ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੀਟਿੰਗ ਵਿੱਚ ਆਏ ਕਿਸਾਨਾਂ ਨੇ ਵੱਧ ਤੋਂ ਵੱਧ ਟਰੈਕਟਰ ਲਿਆਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਨਤਕ ਇਕੱਠਾਂ ’ਤੇ ਜੋ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਇਹ ਲੋਕਰਾਜੀ ਕਦਰਾਂ-ਕੀਮਤਾਂ ਦਾ ਘਾਣ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੂੰਹ ’ਤੇ ਮਾਸਕ ਲਗਾ ਕੇ ਤੇ ਇੱਕ ਟਰੈਕਟਰ ’ਤੇ ਇੱਕ ਕਿਸਾਨ ਹੀ ਹੋਵੇਗਾ ਤੇ ਐੱਸਡੀਐੱਮ ਧੂਰੀ ਨੂੰ 4 ਕਿਸਾਨ ਹੀ ਮੰਗ ਪੱਤਰ ਦੇਣਗੇ।