ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਜੁਲਾਈ
ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ 136 ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੌਰਾਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੇ ਦਿਹਾੜੇ ਮੌਕੇ ‘ਵਾਅਦਾ ਪੂਰਾ ਕਰੋ ਅੰਦੋਲਨ’ ਦੇ ਰੂਪ ਵਿਚ ਮਨਾਉਣ ਅਤੇ 14 ਅਗਸਤ ਨੂੰ ਪੰਜਾਬ ਸਰਕਾਰ ਨੂੰ ਜਗਾਉਣ ਲਈ ‘ਜਗਰਾਤਾ’ ਕਰਨ ਦਾ ਐਲਾਨ ਕੀਤਾ ਹੈ।
ਪੱਕੇ ਮੋਰਚੇ ’ਚ ਅੱਜ ਜ਼ਿਲ੍ਹਾ ਪਟਿਆਲਾ ਦੇ ਬਲਾਕ ਭੁੱਨਰਹੇੜੀ ਦੀਆਂ ਵਰਕਰਾਂ ਨੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਮੀਤ ਪ੍ਰਧਾਨ ਗੁਰਮੀਤ ਕੌਰ ਨੇ ਕਿਹਾ ਕਿ ਪਿਛਲੇ 136 ਦਿਨਾਂ ਤੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਵਿੱਚ ਜੁਟੀਆਂ ਹੋਈਆਂ ਹਨ ਪਰ ਪੰਜਾਬ ਸਰਕਾਰ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੇ ਦਿਹਾੜੇ ’ਤੇ ਤਿੱਖਾ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਨੂੰ ਵਾਅਦੇ ਨਿਭਾਓ ਜਾਂ ਗੱਦੀ ਛੱਡੋ ਦਾ ਨਾਅਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੌਫ਼ੀ ਵਿਦ ਕੈਪਟਨ ਪ੍ਰੋਗਰਾਮ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਂਗਣਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿਚ ਲਿਆਉਣ ਦਾ ਵਾਅਦਾ ਕੀਤਾ ਸੀ ਪਰੰਤੂ ਘੱਟੋ ਘੱਟ ਉਜਰਤ ਤਾਂ ਕੀ ਦੇਣੀ ਸੀ ਸਗੋਂ ਆਂਗਨਵਾੜੀ ਕੇਂਦਰ ਦੀਆਂ ਰੌਣਕਾਂ ਖੋਹ ਕੇ ਪ੍ਰਾਇਮਰੀ ਸਕੂਲਾਂ ਵਿਚ ਭੇਜ ਦਿੱਤੀਆਂ ਗਈਆਂ ਅਤੇ ਕੇਂਦਰ ਸਰਕਾਰ ਵੱਲੋਂ ਵਧਾਏ ਹੋਏ ਮਾਣ ਭੱਤੇ ਵਿੱਚ ਵੀ ਆਪਣਾ 40 ਪ੍ਰਤੀਸ਼ਤ ਹਿੱਸਾ ਪਾਉਣ ਤੋਂ ਭੱਜ ਰਹੇ ਹਨ। ਇਸ ਮੌਕੇ ਬਲਾਕ ਵਿੱਤ ਸਕੱਤਰ ਪਰਮਜੀਤ ਕੌਰ ,ਸਕੱਤਰ ਮਨਜੀਤ ਕੌਰ, ਸ਼ਰਨਜੀਤ ਕੌਰ , ਸੁਰਿੰਦਰ ਕੌਰ, ਜਸਬੀਰ ਕੌਰ, ਮਨਦੀਪ ਕੌਰ, ਪਿੰਕੀ ਜੁਬਲੀ, ਜਸਵੀਰ ਕੌਰ ਭੈਣਾਂ ਨੇ ਸੰਬੋਧਨ ਕੀਤਾ।