ਸੰਦੌੜ: ਹਲਕਾ ਮਾਲੇਰਕੋਟਲਾ ਤੋਂ ‘ਆਪ’ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਪਿੰਡ ਕਲਿਆਣ ਵਿਚ ਕਈ ਪੰਚਾਇਤ ਮੈਂਬਰਾਂ ਸਣੇ 25 ਦੇ ਕਰੀਬ ਪਰਿਵਾਰਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਪਰਿਵਾਰਾਂ ਨੂੰ ‘ਆਪ’ ਉਮੀਦਵਾਰ ਡਾ. ਜ਼ਮੀਲ ਉਰ ਰਹਿਮਾਨ ਨੇ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਡਾ. ਜ਼ਮੀਲ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਪ੍ਰਾਪਤੀਆਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਦਿੱਲੀ ਦੇ ਹਰ ਘਰ ਵਿਚ ਖ਼ੁਸ਼ਹਾਲੀ ਹੈ। ‘ਆਪ’ ਦਿੱਲੀ ਵਾਂਗ ਪੰਜਾਬ ਵਿਚ ਵੀ ਹਰ ਘਰ ਨੂੰ ਖੁਸ਼ਹਾਲ ਕਰਨ ਦਾ ਏਜੰਡਾ ਲੈ ਕੇ ਚੋਣ ਮੈਦਾਨ ਵਿਚ ਉਤਰੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ, ਖੇਤੀਬਾੜੀ, ਸਨਅਤ ਆਦਿ ਖੇਤਰਾਂ ਵਿਚ ਲਾਮਿਸਾਲ ਕੰਮ ਕੀਤੇ ਜਾਣਗੇ। ਇਸ ਮੌਕੇ ਸਰਦਾਰ ਮੁਹੰਮਦ ਦਾਰਾ, ਸਾਕਬਿ ਅਲੀ ਰਾਜਾ, ਕਾਮਰੇਡ ਇਸਮਾਈਲ (ਤਿੰਨੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ), ਆਜਮ ਦਾਰਾ, ਹਰਜੀਤ ਸਿੰਘ ਕਲਿਆਣ, ਦਲਵੀਰ ਸਿੰਘ ਕਲਿਆਣ, ਜੱਸੂ ਫਰਵਾਲੀ, ਜਾਫਰ ਅਲੀ, ਆੜਤੀਆ ਬਾਰਾ ਸਿੰਘ ਖੁਰਦ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ