ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 55 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਸਨ ਪਰ ਜ਼ਿਲ੍ਹੇ ਦੇ 5164 ਵੋਟਰਾਂ ਨੂੰ ਉਮੀਦਵਾਰ/ਪਾਰਟੀ ਵਿੱਚੋਂ ਕੋਈ ਵੀ ਪਸੰਦ ਨਹੀਂ ਆਇਆ। ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 5164 ਵੋਟਰਾਂ ਨੇ ਈਵੀਐੱਮ ’ਤੇ ਨੋਟਾ ਦਾ ਬਟਨ ਦਬਾ ਕੇ ਆਪਣੀ ਨਾਪਸੰਦਗੀ ਜ਼ਾਹਰ ਕੀਤੀ ਹੈ।
ਵੋਟਿੰਗ ਮਸ਼ੀਨਾਂ ਉੱਪਰ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਵਾਲੇ ਬਟਨਾਂ ਤੋਂ ਇਲਾਵਾ ਇੱਕ ਬਟਨ ਨੋਟਾ ਦਾ ਵੀ ਸੀ। ਜੇਕਰ ਕਿਸੇ ਵੋਟਰ ਨੂੰ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ ਤਾਂ ਉਹ ਨੋਟਾ ਦਾ ਬਟਨ ਦਬਾ ਕੇ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਮੌਜੂਦਾ ਵਿਧਾਨ ਸਭਾ ਚੋਣ-2022 ’ਚ ਜ਼ਿਲ੍ਹਾ ਸੰਗਰੂਰ ਦੇ ਕੁੱਲ 5164 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ ਹੈ ਜਿਸ ਦਾ ਮਤਲਬ ਹੈ ਕਿ ਇਨ੍ਹਾਂ ਵੋਟਰਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ’ਚੋ ਕੋਈ ਪਸੰਦ ਨਹੀਂ ਹੈ ਅਤੇ ਉਨ੍ਹਾਂ ਨੂੰ ਨੋਟਾ ਦਾ ਬਟਨ ਦਬਾ ਕੇ ਆਪਣੀ ਨਾਪਸੰਦਗੀ ਜ਼ਾਹਰ ਕਰਨ ਦਾ ਅਧਿਕਾਰ ਹੈ। ਜ਼ਿਲ੍ਹਾ ਸੰਗਰੂਰ ਦੇ ਪੰਜ ਹਲਕਿਆਂ ’ਚੋਂ ਵਿਧਾਨ ਸਭਾ ਹਲਕਾ ਸੰਗਰੂਰ ’ਚ 811 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਦਿੜਬਾ ’ਚ 1002 ਵੋਟਰਾਂ, ਵਿਧਾਨ ਸਭਾ ਹਲਕਾ ਧੂਰੀ ’ਚ 775 ਵੋਟਰਾਂ, ਵਿਧਾਨ ਸਭਾ ਹਲਕਾ ਲਹਿਰਾ ’ਚ 1071 ਵੋਟਰਾਂ ਨੇ ਅਤੇ ਵਿਧਾਨ ਸਭਾ ਹਲਕਾ ਸੁਨਾਮ ’ਚ ਸਭ ਤੋਂ ਵੱਧ 1505 ਵੋਟਰਾਂ ਨੇ ਨੋਟਾ ਦਾ ਬਟਨ ਦਬਾ ਕੇ ਉਮੀਦਵਾਰਾਂ ਨੂੰ ਨਾਪਸੰਦ ਕੀਤਾ ਹੈ।
ਇਸਤੋਂ ਇਲਾਵਾ ਜ਼ਿਲ੍ਹਾ ਸੰਗਰੂਰ ’ਚ 15 ਉਮੀਦਵਾਰ ਅਜਿਹੇ ਹਨ ਜੋ ਕਿ 500 ਵੋਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਇਨ੍ਹਾਂ ’ਚੋ ਹਲਕਾ ਸੰਗਰੂਰ ’ਚ ਲੋਕ ਇਨਸਾਫ਼ ਪਾਰਟੀ ਦੇ ਹਰਮਨਪ੍ਰੀਤ ਸਿੰਘ ਨੂੰ 379 ਵੋਟਾਂ ਅਤੇ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਬਹਾਦਰ ਸਿੰਘ ਨੂੰ 482 ਵੋਟਾਂ ਮਿਲੀਆਂ ਹਨ। ਹਲਕਾ ਸੁਨਾਮ ’ਚ ਸੀਪੀਆਈ ਐੱਮਐੱਲ ਦੇ ਹਰਭਗਵਾਨ ਭੀਖੀ ਨੂੰ 257 ਵੋਟਾਂ, ਬਹੁਜਨ ਮੁਕਤੀ ਪਾਰਟੀ ਦੇ ਜਰਨੈਲ ਸਿੰਘ ਨੂੰ 332 ਵੋਟਾਂ, ਆਜ਼ਾਦ ਉਮੀਦਵਾਰ ਪਰਗਟ ਸਿੰਘ ਨੂੰ 334 ਵੋਟਾਂ ਅਤੇ ਯਾਦਵਿੰਦਰ ਸਿੰਘ ਨੂੰ 454 ਵੋਟਾਂ ਮਿਲੀਆਂ ਹਨ। ਹਲਕਾ ਧੂਰੀ ’ਚ ਸੀਪੀਆਈ ਐੱਮਐੱਲ ਦੇ ਹਰਪ੍ਰੀਤ ਸਿੰਘ ਨੂੰ 166 ਵੋਟਾਂ, ਲੋਕ ਇਨਸਾਫ਼ ਪਾਰਟੀ ਦੇ ਜਸਵਿੰਦਰ ਸਿੰਘ ਨੂੰ 457 ਵੋਟਾਂ, ਅਜ਼ਾਦ ਉਮੀਦਵਾਰ ਸ਼ਕਤੀ ਕੁਮਾਰ ਨੂੰ 488 ਵੋਟਾਂ, ਅਜ਼ਾਦ ਉਮੀਦਵਾਰ ਵਿਜੇ ਸਿਆਲ ਨੂੰ 230 ਵੋਟਾਂ ਮਿਲੀਆਂ ਹਨ। ਦਿੜ੍ਹਬਾ ਹਲਕੇ ’ਚ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਅਮਨਪ੍ਰੀਤ ਸਿੰਘ ਨੂੰ 393 ਵੋਟਾਂ, ਲੋਕ ਇਨਸਾਫ਼ ਪਾਰਟੀ ਦੇ ਬਿੱਕਰ ਸਿੰਘ ਨੂੰ 248 ਵੋਟਾਂ ਅਤੇ ਅਜ਼ਾਦ ਉਮੀਦਵਾਰ ਗੁਰਮੀਤ ਸਿੰਘ ਨੂੰ 472 ਵੋਟਾਂ ਮਿਲੀਆਂ ਹਨ।