ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਸਤੰਬਰ
ਜੁਆਇੰਟ ਐਕਸ਼ਨ ਕਮੇਟੀ ਲਾਈਫ ਇੰਸ਼ੋਰੈਂਸ ਏਜੰਟ ਫੈਡਰੇਸ਼ਨ ਆਫ ਇੰਡੀਆ ਵੱਲੋਂ ਏਜੰਟ ਅਤੇ ਬੀਮਾ ਧਾਰਕਾਂ ਦੇ ਮਸਲਿਆਂ ਨੂੰ ਲੈ ਕੇ ਦਿੱਤੇ ਸੱਦੇ ਤਹਿਤ ਇਥੇ ਲਾਇਫ਼ ਇੰਸੋਰੈਂਸ ਕੰਪਨੀ ਦੀ ਜ਼ਿਲ੍ਹਾ ਬਰਾਂਚ ਅੱਗੇ ਏਜੰਟਾਂ ਨੇ ਰੋਸ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਐਲਆਈਸੀ ਏਜੰਟ ਯੂਨੀਅਨ ਦੇ ਬਰਾਂਚ ਪ੍ਰਧਾਨ ਦੀਪਕ ਪਾਲ, ਸਕੱਤਰ ਮਹਿੰਦਰ ਸਿੰਘ, ਸੀਐੱਲਆਈਏ ਦੇ ਪ੍ਰਧਾਨ ਪ੍ਰੇਮ ਚੰਦ ਬਾਂਸਲ, ਡਵੀਜ਼ਨ ਮੀਤ ਪ੍ਰਧਾਨ ਵਿਜੈ ਕੁਮਾਰ ਸਿੰਗਲਾ, ਜਸਵਿੰਦਰ ਸਿੰਘ, ਸਾਹਿਬ ਸਿੰਘ, ਹਰਮੀਤ ਰਾਮ, ਜਗਤਾਰ ਸਿੰਘ, ਓਪੀ ਬਾਂਸਲ ਆਦਿ ਨੇ ਦੱਸਿਆ ਕਿ ਫੈਡਰੇਸ਼ਨ ਵੱਲੋਂ ਲੰਮੇ ਸਮੇਂ ਤੋਂ ਮੈਨੇਜਮੈਂਟ ਨੂੰ ਮਸਲੇ ਨੋਟ ਕਰਵਾਏ ਜਾ ਰਹੇ ਹਨ ਪਰ ਮੈਨੇਜਮੈਂਟ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀਮਾ ਧਾਰਕ ਦਾ ਬੋਨਸ ਵਧਾਉਣ, ਬੀਮਾ ਪਾਲਿਸੀ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਤੇ ਵਧੀਆ ਸੇਵਾਵਾਂ ਦੇਣ, ਪਾਲਿਸੀ ਲੋਨ ਉੱਤੇ ਵਿਆਜ ਘਟਾਉਣ, ਪੁਰਾਣੀਆਂ ਲੈਪਸ ਪਾਲਿਸੀਆਂ ਚਾਲੂ ਕਰਨ, ਪਾਲਿਸੀ ਧਾਰਕਾਂ ਦੇ ਪਏ ਕਰੋੜਾਂ ਰੁਪਏ ਬੋਨਸ ਦੇ ਰੂਪ ਵਿੱਚ ਦੇਣ ਆਦਿ ਮੰਗਾਂ ਸਬੰਧੀ ਲਗਾਤਾਰ ਧਰਨਾ ਦਿੱਤਾ ਜਾਵੇਗਾ ਅਤੇ 5 ਸਤੰਬਰ ਨੂੰ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।