ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 2 ਮਈ
ਈਦ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੂੰ ਸ਼ੁੱਧ ਤੇ ਸਾਫ਼ ਸੁਥਰੀਆਂ ਮਠਿਆਈਆਂ ਮੁਹੱਈਆ ਕਰਾਉਣ ਦੇ ਮੰਤਵ ਨਾਲ ਅੱਜ ਸਿਹਤ ਵਿਭਾਗ ਦੀ ਖ਼ੁਰਾਕ ਸੁਰੱਖਿਆ ਟੀਮ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਸਹਾਇਕ ਕਮਿਸ਼ਨਰ ਫੂਡ ਮਾਲੇਰਕੋਟਲਾ ਰਾਖੀ ਵਿਨਾਇਕ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਖ਼ੁਰਾਕ ਸੁਰੱਖਿਆ ਟੀਮ ਵੱਲੋਂ ਚੈਕਿੰਗ ਦੌਰਾਨ ਸਾਫ਼-ਸੁਥਰੇ ਢੰਗ ਨਾਲ ਮਠਿਆਈਆਂ ਬਣਾਉਣ, ਫੂਡ ਸੇਫਟੀ ਅਥਾਰਟੀ ਵੱਲੋਂ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਕਰਨ ਅਤੇ ਮਠਿਆਈਆਂ ਉੱਤੇ ਮਿਥੀ ਤਰੀਕ ਤੋਂ ਪਹਿਲਾਂ ਵਰਤਣ (ਬੈਸਟ ਬਿਫੋਰ ਡੇਟ) ਆਦਿ ਲਿਖਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਲੇਰਕੋਟਲਾ ਦੇ ਕਿਲ੍ਹਾ ਰਹਿਮਤਗੜ੍ਹ, ਨਵਾਂ ਕਿਲ੍ਹਾ, ਨਾਭਾ ਰੋਡ ਅਤੇ ਟਰੱਕ ਯੂਨੀਅਨ ਚੌਕ ’ਤੇ ਸਥਿਤ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਦੋ ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ ਲਗਪਗ ਜ਼ਿਆਦਾ ਰੰਗਾਂ ਵਾਲੀ ਦਸ ਕਿੱਲੋ ਮਠਿਆਈ ਨਸ਼ਟ ਕਰਵਾਈ ਗਈ।
ਉਨ੍ਹਾਂ ਫੂਡ ਕਾਰੋਬਾਰੀਆਂ ਨੂੰ ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਖ਼ੁਰਾਕ ਸੁਰੱਖਿਆ ਐਕਟ ਅਧੀਨ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਸਖ਼ਤੀ ਨਾਲ ਤਾੜਨਾ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਫੂਡ ਵਿਕਰੇਤਾ ਗ਼ੈਰ-ਮਿਆਰੀ ਜਾਂ ਮਿਲਾਵਟੀ ਖਾਧ ਪਦਾਰਥ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।