ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 28 ਨਵੰਬਰ
ਹਜ਼ਾਰਾਂ ਕਿਸਾਨ ਦਿੱਲੀ ਜਾਣ ਦੇ ਬਾਵਜੂਦ ਰਾਮਪੁਰਾ ਫੂਲ ਦਾ ਰੇਲ ਮੋਰਚਾ ਪਹਿਲਾਂ ਨਾਲੋਂ ਵੀ ਮਘਣ ਲੱਗਾ ਹੈ, ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਹਰਮੇਸ਼ ਕੁਮਾਰ ਪਿੰਡ ਰਾਮਪੁਰਾ, ਮਾਤਾ ਜਸਵੀਰ ਕੌਰ ਅਤੇ ਭਜਨ ਕੌਰ ਢਪਾਲੀ, ਮਾਸਟਰ ਬਲਵੰਤ ਸਿੰਘ ਫੂਲ, ਜਗਜੀਤ ਸਿੰਘ ਲਹਿਰਾ ਮੁਹੱਬਤ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਤਵਿੰਦਰ ਸਿੰਘ, ਡਕੌਂਦਾ ਗਰੁੱਪ ਦੇ ਬਲਾਕ ਪ੍ਰਧਾਨ ਨਾਹਰ ਸਿੰਘ ਭਾਈਰੂਪਾ ਤੇ ਪਾਲੀ ਸਿੰਘ ਢਪਾਲੀ ਨੇ ਵੀ ਸੰਬੋਧਨ ਕੀਤਾ। ਇਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਾਮਪੁਰਾ ਫੂਲ ਦੇ ਬਾਜ਼ਾਰਾਂ ਅੰਦਰ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ, ਜਿਸ ’ਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰਾਂ, ਔਰਤਾਂ ਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਬੰਦੀ ਦੇ ਸਰਗਰਮ ਆਗੂ ਬੂਟਾ ਸਿੰਘ ਬੱਲੋ ਨੇ ਸਰਕਾਰਾਂ ਖ਼ਿਲਾਫ਼ ਗੀਤ ਗਾ ਕੇ ਭੜਾਸ ਕੱਢੀ।
ਬਰੇਟਾ(ਸੱਤ ਪ੍ਰਕਾਸ਼ ਸਿੰਗਲਾ) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸਥਾਨਕ ਰੇਲਵੇ ਸਟੇਸ਼ਨ ਵਾਲੇ ਧਰਨੇ ਦੇ ਵਿੱਚ ਅੱਜ ਛੱਜੂ ਸਿੰਘ ਦਿਆਲਪੁਰਾ, ਜਗਰੂਪ ਸਿੰਘ, ਹਰਜੀਤ ਕੌਰ, ਤਾਰਾ ਚੰਦ ਬਰੇਟਾ, ਦਰਸਨ ਸਿੰਘ, ਦੇਵ ਸਿੰਘ, ਗੁਰਦੇਵ ਸਿੰਘ, ਜੀਵਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਉਸੇ ਤਰ੍ਹਾਂ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਵੀ ਧਰਨੇ ਜਾਰੀ ਰਹੇ।
ਬੁਢਲਾਡਾ(ਐੱਨਪੀ ਸਿੰਘ): ਸ਼ਹਿਰ ਦੇ ਦੋ ਥਾਵਾਂ ਉੱਤੇ ਚੱਲ ਰਹੇ ਕਿਸਾਨੀ ਧਰਨੇ ਜਾਰੀ ਹਨ। 30 ਕਿਸਾਨ ਜੱਥੇਬੰਦੀਆਂ ਦਾ ਧਰਨਾ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਜਾਰੀ ਹੈ, ਜਿਸਦੀ ਕਮਾਂਡ ਦਿੱਲੀ ਗਏ ਕਿਸਾਨਾਂ ਤੋਂ ਬਾਅਦ ਕਾਮਰੇਡ ਜਸਵੰਤ ਸਿੰਘ ਬੀਰੋਕੇ ਕਲਾਂ ਨੇ ਸੰਭਾਲ ਲਈ ਹੈ। ਇਸੇ ਤਰ੍ਹਾਂ ਉਗਰਾਹਾਂ ਕਿਸਾਨ ਜੱਥੇਬੰਦੀ ਵੱਲੋਂ ਸ਼ਹਿਰ ਦੇ ਭਾਜਪਾ ਸਟੇਟ ਆਗੂ ਰਕੇਸ਼ ਕੁਮਾਰ ਜੈਨ ਅਤੇ ਬਲਾਕ ਆਗੂ ਪੰਡਤ ਲੀਲਾ ਰਾਮ ਦਾ ਘਰ ਘੇਰਿਆ ਹੋਇਆ ਹੈ।
ਆੜ੍ਹਤੀਆਂ ਨੇ ਕਿਸਾਨਾਂ ਦੇ ਹੱਕ ’ਚ ਰੋਸ ਮਾਰਚ ਕੱਢਿਆ
ਕਾਲਾਂਵਾਲੀ(ਪੱਤਰ ਪ੍ਰੇਰਕ): ਇੱਥੋਂ ਦੀ ਅਨਾਜ ਮੰਡੀ ਦੇ ਆੜ੍ਹਤੀਆਂ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਮੰਡੀ ਵਿੱਚ ਇੱਕ ਰੋਸ ਮਾਰਚ ਕੱਢਿਆ, ਜਿਸ ਵਿੱਚ ਵੱਡੀ ਗਿਣਤੀ ’ਚ ਆੜ੍ਹਤੀਆਂ ਨੇ ਭਾਗ ਲਿਆ। ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਰੋਸ ਮਾਰਚ ਦੌਰਾਨ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਸ਼ਾਂਤੀਪੂਰਵਕ ਦਿੱਲੀ ਜਾ ਰਹੇ ਕਿਸਾਨਾਂ ਦਾ ਰਾਹ ਰੋਕਣ ਅਤੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲ ਸੁੱਟਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਨਾਲ ਤੁਰੰਤ ਗੱਲਬਾਤ ਕੀਤੀ ਜਾਵੇ। ਇਸ ਮੌਕੇ ਆੜ੍ਹਤੀ ਆਗੂ ਗੁਰਜੀਤ ਸਿੰਘ ਧਰਮਪੁਰਾ ਅਤੇ ਨਿਊ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਜੈਨ ਨੇ ਕਿਹਾ ਕਿ ਜਿਹਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ਼ ਜੋ ਮੁਕਦਮੇ ਦਰਜ ਹਨ ਉਹ ਵੀ ਵਾਪਸ ਲਏ ਜਾਣ।
ਸਰਵ ਕਰਮਚਾਰੀ ਸੰਘ ਅਤੇ ਸੀਟੂ ਵੱਲੋਂ ਪ੍ਰਦਰਸ਼ਨ
ਸਿਰਸਾ(ਪ੍ਰਭੂ ਦਿਆਲ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਸਰਵ ਕਰਮਚਾਰੀ ਸੰਘ ਅਤੇ ਸੀਟੂ ਵੱਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ ਅਤੇ ਸੀਟੂ ਆਗੂ ਵਿਜੈ ਢੂਕੜਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।