ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਅਕਤੂਬਰ
ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਅਨਿਲ ਜੋਸ਼ੀ ਵੱਲੋਂ ਪੰਜਾਬ ਦੇ ਡਿੱਪੂ ਹੋਲਡਰਾਂ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਦੀ ਨਿਖੇਧੀ ਕਰਦਿਆਂ ਪੰਜਾਬ ਡਿੱਪੂ ਹੋਲਡਰ ਫੈਡਰੇਸ਼ਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਨਿਲ ਜੋਸ਼ੀ ਨੂੰ ਮਾਫੀ ਮੰਗਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਇੱਥੇ ਬਿਆਨ ਜਾਰੀ ਕਰਦਿਆਂ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਅਨਿਲ ਜੋਸ਼ੀ ਭਾਵੇਂ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਆ ਗਏ ਹਨ ਪਰ ਉਨ੍ਹਾਂ ਨੇ ਭਾਜਪਾ ਵਾਲੀ ਹੈਂਕੜਬਾਜ਼ੀ ਅਜੇ ਵੀ ਨਹੀਂ ਛੱਡੀ। ਜੋਸ਼ੀ ਵੱਲੋਂ ਡਿਪੂ ਹੋਲਡਰਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਜਿਸ ਨੂੰ ਫੈੱਡਰੇਸ਼ਨ ਬਰਦਾਸ਼ਤ ਨਹੀਂ ਕਰੇਗੀ। ਸ੍ਰੀ ਕਾਂਝਲਾ ਨੇ ਕਿਹਾ ਕਿ ਇੱਕ ਸਾਲ ਤੋਂ ਡਿਪੂ ਹੋਲਡਰਾਂ ਨੂੰ ਕੋਈ ਕਮਿਸ਼ਨ ਨਹੀਂ ਮਿਲਿਆ। ਇਸ ਤੋਂ ਇਲਾਵਾ ਡਿ਼ੱਪੂ ਹੋਲਡਰ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਮੁਫ਼ਤ ਕਣਕ ਦੀ ਵੰਡ ਕਰ ਰਹੇ ਹਨ ਤੇ ਈ-ਪੋਸ ਮਸ਼ੀਨਾਂ ਰਾਹੀਂ ਪਰਚੀ ਮੁਤਾਬਕ ਹੀ ਕਣਕ ਖ਼ਪਤਕਾਰਾਂ ਨੂੰ ਦਿੱਤੀ ਜਾਂਦੀ ਹੈ। ਪਰ ਜੋਸ਼ੀ ਤੇ ਹੋਰ ਆਗੂਆਂ ਨੂੰ ਬੇਤੁਕੇ ਬਿਆਨ ਦੇਣ ਤੋਂ ਪਹਿਲਾਂ ਇਸ ਬਾਰੇ ਜ਼ਰੂਰ ਸੋਚ ਲੈਣਾ ਚਾਹੀਦਾ ਹੈ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਮੰਗੀ, ਮੁਹੰਮਦ ਸਲੀਮ, ਮੱਖਣ ਗਰਗ ਅਤੇ ਮੁਕੇਸ਼ ਕੁਮਾਰ ਸਿੰਗਲਾ ਭਵਾਨੀਗੜ੍ਹ ਨੇ ਕਿਹਾ ਕਿ ਜੇ ਜੋਸ਼ੀ ਮੁਆਫ਼ੀ ਨਹੀਂ ਮੰਗਦੇ ਤਾਂ ਸੂਬੇ ਵਿਚ ਪੁਤਲੇ ਫੂਕੇ ਜਾਣਗੇ।