ਮਹਿੰਦਰ ਕੌਰ ਮੰਨੂ
ਸੰਗਰੂਰ, 10 ਜੂਨ
ਸ਼ਹਿਰ ਵਿੱਚ ਫੈਲੀ ਗੰਦਗੀ ਅਤੇ ਦਿਨੋਂ ਦਿਨ ਵੱਡੇ ਹੋ ਰਹੇ ਕੂੜੇ ਦੇ ਢੇਰਾਂ ਤੋਂ ਦੁਖੀ ਹੋ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਦੇ ਸਾਹਮਣੇ ਧਰਨਾ ਦੇ ਕੇ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਤੇ ਸਰਕਾਰ ਵਿਚਕਾਰ ਚੱਲ ਰਿਹਾ ਰੇੜਕਾ ਖ਼ਤਮ ਕਰੇ| ਧਰਨੇ ਤੋਂ ਪਹਿਲਾਂ ਬਾਬੂ ਗਰਗ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਵੀ ਕੀਤੀ ਗਈ|
ਧਰਨੇ ਨੂੰ ਸੰਬੋਧਨ ਕਰਦਿਆਂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਕਈ ਹਫ਼ਤਿਆਂ ਦਾ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਵੱਲੋਂ ਸਫ਼ਾਈ ਮੁਲਾਜ਼ਮਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਜਿਸ ਦਾ ਸਿਟਾ ਇਹ ਨਿੱਕਲ ਰਿਹਾ ਹੈ ਕਿ ਦਿਨੋਂ ਦਿਨ ਸ਼ਹਿਰਾਂ ਵਿੱਚ ਕੂੜੇ ਦੇ ਢੇਰ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕੋਵਿਡ-19 ਕਾਰਨ ਲੋਕ ਲੰਮੇ ਸਮੇਂ ਤੋਂ ਘਰਾਂ ‘ਚ ਵੜੇ ਬੈਠੇ ਹਨ, ਉਪਰੋਂ ਸ਼ਹਿਰ ਵਿੱਚ ਸਫ਼ਾਈ ਨਾ ਹੋਣ ਕਾਰਨ ਇੱਥੇ ਕਦੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਨਾਲ ਸਬੰਧਤ ਕੈਬਨਿਟ ਮੰਤਰੀ ਆਪਣਾ ਹੰਕਾਰ ਛੱਡ ਕੇ ਗਰੀਬ ਲੋਕਾਂ ਦੀਆਂ ਮੰਗਾਂ ਮੰਨਣ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਹਾਲੇ ਤਾਈਂ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਆਖਿਆ ਕਿ ਜੇਕਰ ਅਗਲੇ ਦਿਨਾਂ ਤੱਕ ਸ਼ਹਿਰ ਵਿੱਚ ਸਫ਼ਾਈ ਦਾ ਕੰਮ ਨਾ ਆਰੰਭ ਕਰਵਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਦੇ ਖਿਲਾਫ਼ ਹੋਰ ਤਕੜਾ ਪ੍ਰਦਰਸ਼ਨ ਕਰੇਗਾ|
ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਅਕਾਲੀ ਦਲ ਜ਼ਿਲ੍ਹਾ ਲੀਗਲ ਸੈਲ ਦੇ ਪ੍ਰਧਾਨ ਰਣਧੀਰ ਸਿੰਘ ਭੰਗੂ, ਮੁੱਖ ਸਲਾਹਕਾਰ ਸੁਖਵੀਰ ਸਿੰਘ ਪੂਨੀਆ ਤੇ ਦਲਜੀਤ ਸਿੰਘ ਸੇਖੋਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਵਿਰਕ, ਇਕਬਾਲ ਸਿੰਘ ਪੂਨੀਆ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ, ਨਰੇਸ਼ ਕੁਮਾਰ, ਬੰਟੀ ਨੰਬਰਦਾਰ, ਹੈਪੀ ਠੇਕੇਦਾਰ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ ਕਾਕੜਾ, ਵਰਿੰਦਰ ਸਿੰਘ, ਨਛੱਤਰ ਸਿੰਘ ਪ੍ਰਧਾਨ ਬੀਸੀ ਸੈਲ ਅਕਾਲੀ ਦਲ, ਰਿੰਕੂ ਪ੍ਰਧਾਨ ਰੇਹੜੀ ਯੂਨੀਅਨ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੌਜੂਦ ਸਨ।