ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਮਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਇਕਾਈ ਵੱਲੋਂ ਸਥਾਨਕ ਵਾਟਰ ਵਰਕਸ ਨੇੜੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਕੇ ਮੰਗ ਦਿਵਸ ਮਨਾਇਆ ਗਿਆ। ਇਸ ਦੌਰਾਨ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਅਤੇ ਚੇਅਰਮੈਨ ਮਾਲਵਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਸ਼ਾ ਵਰਕਰਜ਼ ਯੂਨੀਅਨ ਦੀ ਸੂਬਾਈ ਪ੍ਰਧਾਨ ਰਾਣੋ ਖੇੜੀ ਗਿੱਲਾ, ਅਧਿਆਪਕ ਆਗੂ ਫਕੀਰ ਸਿੰਘ ਟਿੱਬਾ, ਜੰਗਲਾਤ ਵਰਕਰਜ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਗਾਗਾ, ਸਿੰਜਾਈ ਵਿਭਾਗ ਦੇ ਆਗੂ ਸੁਖਵੀਰ ਸਿੰਘ, ਫੀਲਡ ਵਰਕਰਜ਼ ਯੂਨੀਅਨ ਆਗੂ ਛੱਜੂ ਰਾਮ ਤੇ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਲਗਾਤਾਰ ਆਪਣੀਆਂ ਕੋਝੀਆਂ ਨੀਤੀਆਂ ਕਾਰਨ ਆਮ ਲੋਕਾਂ ਦਾ ਖੂਨ ਨਚੋੜਿਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਆਂਗਣਵਾੜੀ, ਆਸ਼ਾ ਵਰਕਰਾਂ ਅਤੇ ਮਿੱਡ-ਡੇਅ ਮੀਲ ਵਰਕਰਾਂ ਨੂੰ ਘੱਟੋ-ਘੱਟ 18000 ਰੁਪਏ ਉਜਰਤ ਦਿੱਤੀ ਜਾਵੇ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਜਾਵੇ ਅਤੇ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ। ਇਸ ਮੌਕੇ ਆਗੂ ਬਲਦੇਵ ਸਿੰਘ ਬਡਰੁੱਖਾਂ, ਦੇਵੀ ਦਿਆਲ, ਪ੍ਰਤਾਪ ਸਿੰਘ ਮਾਂਗਟ, ਸਤਨਾਮ ਸੰਗਤੀਵਾਲਾ, ਸ਼ੇਰਾ ਸਿੰਘ ਰਾਮਗੜ੍ਹ, ਕਿਰਨਦੀਪ ਕੌਰ ਲਹਿਲ ਖੁਰਦ, ਅਮਰਪਾਲ ਸਿੰਘ, ਬਲਵਿੰਦਰ ਕੌਰ ਕਾਲਬੰਨਜਰਾ, ਆਸ਼ਾ ਬਖਤੜੀ ਅਮਰਜੀਤ ਕੌਰ ਮਾਝੇ ਅਤੇ ਪਰਮਜੀਤ ਕੌਰ ਮੌਜੂਦ ਸਨ।