ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਅਪਰੈਲ
ਅੱਜ ਇਥੇ ਪੁਰਾਣੇ ਬੱਸ ਸਟੈਂਡ ’ਤੇ ਪੀਆਰਟੀਸੀ ਦੀਆਂ ਬੱਸਾਂ ਨਾ ਖੜ੍ਹਨ ਦੇ ਰੋਸ ਵਜੋਂ ਲੋਕਾਂ ਨੇ ਬੱਸਾਂ ਰੋਕ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਖਦੇਵ ਸਿੰਘ ਅਤੇ ਹਰਭਜਨ ਸਿੰਘ ਹੈਪੀ ਨੇ ਦੱਸਿਆ ਕਿ ਉਹ ਦੋ ਘੰਟੇ ਤੋਂ ਬੱਸ ਸਟੈਂਡ ’ਤੇ ਖੜ੍ਹੇ ਹਨ, ਪ੍ਰੰਤੂ ਇੱਥੋਂ ਪੀਆਰਟੀਸੀ ਦੀ ਕੋਈ ਵੀ ਬੱਸ ਸਵਾਰੀਆਂ ਚੜ੍ਹਾਉਣ ਦੀ ਬਜਾਏ ਬੱਸ ਸਟੈਂਡ ਦੇ ਅੱਗੇ ਪਿੱਛੇ ਬੱਸਾਂ ਰੋਕ ਕੇ ਸਿਰਫ ਸਵਾਰੀਆਂ ਉਤਾਰ ਰਹੀਆਂ ਹਨ, ਜਦੋਂਕਿ ਪ੍ਰਾਈਵੇਟ ਬੱਸਾਂ ਇਥੋਂ ਸਵਾਰੀਆਂ ਨਾਲ ਭਰ ਕੇ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਬੱਸਾਂ ਨੂੰ ਅੱਧੀਆਂ ਸਵਾਰੀਆਂ ਲਿਜਾਣ ਦੀ ਇਜਜ਼ਾਤ ਦਿੱਤੀ ਗਈ ਹੈ,ਪ੍ਰੰਤੂ ਪੀਆਰਟੀਸੀ ਵਿੱਚ ਤਾਂ ਸਿਰਫ 15 ਤੋਂ 20 ਸਵਾਰੀਆਂ ਹੀ ਹੁੰਦੀਆਂ ਹਨ। ਉਨ੍ਹਾਂ ਪੀਆਰਟੀਸੀ ਦੇ ਡਰਾਈਵਰਾਂ ’ਤੇ ਪ੍ਰਾਈਵੇਟ ਬੱਸਾਂ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਕਰੋਨਾ ਦੇ ਨਾਂ ਹੇਠ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਦੇ ਨਾਂ ’ਤੇ ਆਮ ਲੋਕਾਂ ਨੂੰ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ ਤੇ ਬੱਸਾਂ ਬੱਸ ਅੱਡੇ ਤੋਂ ਹੀ ਸਵਾਰੀਆਂ ਲੈ ਕੇ ਜਾਣ। ਇਸ ਸਬੰਧੀ ਜਦੋਂ ਪੀਆਰਟੀਸੀ ਦੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਸਿਰਫ 26 ਸਵਾਰੀਆਂ ਬਿਠਾਉਣ ਦੀ ਇਜ਼ਾਜਤ ਦਿੱਤੀ ਗਈ ਹੈ ਅਤੇ ਸਵਾਰੀਆਂ ਪੂਰੀਆਂ ਹੋਣ ਕਾਰਨ ਉਹ ਬੱਸ ਸਟਾਪ ’ਤੇ ਬੱਸਾਂ ਨਹੀਂ ਰੋਕ ਸਕਦੇ।