ਬੀਰਬਲ ਰਿਸ਼ੀ
ਸ਼ੇਰਪੁਰ, 3 ਅਗਸਤ
ਪਿੰਡ ਅਲਾਲ ਦੇ ਕਈ ਦਹਾਕੇ ਪੁਰਾਣੇ ਰੇਲਵੇ ਸਟੇਸ਼ਨ ’ਤੇ ਮੇਲ ਐਕਸਪ੍ਰੈਸ ਤੇ ਮੁਸਾਫਰ ਗੱਡੀਆਂ ਰੋਕਣ ਦੀ ਮੰਗ ਲਈ ਅੱਜ ਪਿੰਡ ਵਾਸੀਆਂ ਨੇ ਸੰਘਰਸ਼ ਦਾ ਆਗਾਜ਼ ਕਰਦਿਆਂ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ 15 ਪਿੰਡਾਂ ਦੀਆਂ ਪੰਚਾਇਤਾਂ ਦੇ ਦਸਤਖ਼ਤਾਂ ਹੇਠ ਇੱਕ ਮੰਗ ਪੱਤਰ ਡਿਵੀਜ਼ਨਲ ਰੇਲਵੇ ਮੈਨੇਜਰ ਅੰਬਾਲਾ ਕੈਂਟ ਨੂੰ ਭੇਜਿਆ ਗਿਆ। ਦੱਸਣਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦਾ ਅਲਾਲ ਪਿੰਡ ਅੰਬਾਲਾ-ਬਠਿੰਡਾ ਵਾਇਆ ਬਰਨਾਲਾ ਹੋ ਕੇ ਜਾਂਦੀ ਲਾਈਨ ’ਤੇ ਸਥਿਤ ਹੈ। ਹਾਲ ਹੀ ’ਚ ਇਸ ਸਟੇਸ਼ਨ ਦੀ ਇਮਾਰਤ ਦਾ ਨਵ-ਨਿਰਮਾਣ ਕੀਤਾ ਗਿਆ ਹੈ ਜਿਸ ਮਗਰੋਂ ਇਹ ਸਟੇਸ਼ਨ ਕਿਸੇ ਵੱਡੇ ਸ਼ਹਿਰੀ ਸਟੇਸ਼ਨ ਦਾ ਭੁਲੇਖਾ ਪਾਉਂਦਾ ਹੈ।
ਬੀਕੇਯੂ ਏਕਤਾ ਦੇ ਕਰਮਜੀਤ ਸਿੰਘ, ਮਨਦੀਪ ਸਿੰਘ ਅਲਾਲ ਤੇ ਨੱਥਾ ਸਿੰਘ ਆਦਿ ਨੇ ਦੱਸਿਆ ਕਿ ਕੋਵਿਡ-19 ਤੋਂ ਪਹਿਲਾਂ ਅਲਾਲ ਵਿੱਚ ਸਾਰੀਆਂ ਮੁਸਾਫਰ ਗੱਡੀਆਂ ਰੁਕਦੀਆਂ ਸਨ ਪਰ ਲੋਕਾਂ ਦੀ ਮੰਗ ਸੀ ਕਿ ਇਹ ਪੁਰਾਣਾ ਸਟੇਸ਼ਨ ਹੈ ਅਤੇ ਇੱਥ ਮੇਲ ਗੱਡੀ ਵੀ ਰੁਕਣੀ ਚਾਹੀਦੀ ਹੈ। ਇਸ ਦੌਰਾਨ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਤਕਰੀਬਨ ਸੱਤ ਦਹਾਕੇ ਪਹਿਲਾਂ ਇਲਾਕੇ ਦੇ ਸਮੂਹ ਪਿੰਡਾਂ ਦੇ ਲੋਕ ਇਸੇ ਸਟੇਸ਼ਨ ਤੋਂ ਰੇਲਗੱਡੀ ਚੜ੍ਹਦੇ ਸਨ, ਪਰ ਹੁਣ ਇਹ ਸਟੇਸ਼ਨ ਚਿੱਟਾ ਹਾਥੀ ਬਣਿਆ ਹੋਇਆ ਹੈ ਕਿਉਂਕਿ ਪਿੰਡ ਵਿੱਚ ਲੱਗੇ ਦੋ ਫਾਟਕਾਂ ਦੇ ਬੰਦ ਰਹਿਣ ਦਾ ਸੰਤਾਪ ਤਾਂ ਲੋਕ ਭੋਗਦੇ ਹਨ ਪਰ ਵਿਭਾਗ ਸਹੂਲਤ ਦੇਣ ਤੋਂ ਕੰਨੀ ਕਤਰਾ ਰਿਹਾ ਹੈ।
ਇਸ ਦੌਰਾਨ ਪਿੰਡ ਮੂਲੋਵਾਲ, ਰਣੀਕੇ, ਹਸ਼ਨਪੁਰ, ਧੰਦੀਵਾਲ, ਸੁਲਤਾਨਪੁਰ, ਰੰਗੀਆਂ, ਹੇੜੀਕੇ, ਦੀਦਾਰਗੜ੍ਹ, ਕਾਲਾਬੂਲਾ, ਸਲੇਮਪੁਰ, ਘਨੌਰੀ ਖੁਰਦ, ਬਾਦਸ਼ਾਹਪੁਰ, ਕੁੰਭੜਵਾਲ ਤੇ ਸ਼ੇਰਪੁਰ ਦੇ ਸਰਪੰਚਾਂ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਦੇ ਕੇ ਇੱਥੇ ਮੇਲ ਤੇ ਮੁਸਾਫਰ ਗੱਡੀਆਂ ਨੂੰ ਇੱਕ ਤੋਂ ਦੋ ਮਿੰਟ ਤੱਕ ਰੋਕਣ ਦੀ ਮੰਗ ਕੀਤੀ ਗਈ।
ਪਿੰਡ ਵਾਸੀਆਂ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਨਾ ਲੈਣ ’ਤੇ ਤਿੱਖਾ ਸੰਘਰਸ਼ ਆਰੰਭਣ ਦੀ ਚਿਤਾਵਨੀ ਦਿੱਤੀ। ਸਟੇਸ਼ਨ ਮਾਸਟਰ ਹਰੀ ਕ੍ਰਿਸ਼ਨ ਨੇ ਮੰਗ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਡੀਆਰਐੱਮ ਅੰਬਾਲਾ, ਕਮਰਸ਼ੀਅਲ ਮੈਨੇਜ਼ਰ ਤੇ ਡਿਵੀਜ਼ਨਲ ਅਪਰੇਟਿੰਗ ਮੈਨੇਜਰ ਨੂੰ ਭੇਜੇ ਜਾ ਰਹੇ ਹਨ।