ਪੱਤਰ ਪ੍ਰੇਰਕ
ਲਹਿਰਾਗਾਗਾ, 27 ਅਗਸਤ
ਡੀਟੀਐੱਫ਼ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਲਹਿਰਾਗਾਗਾ ਦੀ ਅਗਵਾਈ ਹੇਠ ਜ਼ਿਲ੍ਹਾ ਆਗੂ ਟੀਮ ਦਾਤਾ ਨਮੋਲ, ਗੁਰਮੇਲ ਬਖਸ਼ੀਵਾਲਾ ਤੇ ਪਰਮਿੰਦਰ ਉੱਭਾਵਾਲ ਨੇ ਐੱਸਸੀ, ਬੀਸੀ ਵਜ਼ੀਫਿਆਂ ਲਈ ਅਪਲਾਈ ਕਰਨ ਵਾਸਤੇ ਆਮਦਨ ਸਰਟੀਫਿਕੇਟ ਪ੍ਰਾਪਤ ਕਰਨ ਲਈ ਲੰਬੀਆਂ ਲਾਈਨਾਂ ਵਿੱਚ ਸੇਵਾ ਕੇਂਦਰਾਂ, ਤਹਿਸੀਲ ਕੰਪਲੈਕਸਾਂ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੋ ਰਹੀ ਖੱਜਲ-ਖੁਆਰੀ ਦਾ ਗੰਭੀਰ ਨੋਟਿਸ ਲੈਂਦਿਆਂ, ਇਸ ਨੂੰ ਰੋਕਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਵਜ਼ੀਫਿਆਂ ਲਈ ਅਪਲਾਈ ਕਰਨ ਵਾਸਤੇ ਆਮਦਨ ਸਰਟੀਫਿਕੇਟ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸਗੋਂ ਸਕੂਲ ਮੁਖੀ ਦੀ ਤਸੱਲੀ ਲਈ ਸਿਰਫ਼ ਸਵੈ ਘੋਸ਼ਣਾ ਪੱਤਰ ਹੀ ਕਾਫ਼ੀ ਹੁੰਦਾ ਹੈ ਪਰ ਜਾਣਕਾਰੀ ਜਾਂ ਵਿਭਾਗ ਵੱਲੋਂ ਜਾਰੀ ਹਦਾਇਤ ਦੀ ਘਾਟ ਕਾਰਨ ਕੁੱਝ ਸਕੂਲ ਮੁਖੀ ਬੱਚਿਆਂ ਨੂੰ ਆਮਦਨ ਸਰਟੀਫਿਕੇਟ ਬਣਾਉਣ ਲਈ ਮਜਬੂਰ ਕਰ ਰਹੇ ਹਨ। ਜਥੇਬੰਦੀ ਦੇ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਸੁਖਦੇਵ, ਯਾਦਵਿੰਦਰ ਧੂਰੀ, ਗੁਰਪ੍ਰੀਤ ਬੱਬੀ ਲਹਿਰਾਗਾਗਾ, ਸੁਖਜਿੰਦਰ, ਰਘਵਿੰਦਰ ਸ਼ੇਰਪੁਰ, ਸਤਨਾਮ ਉੱਭਾਵਾਲ, ਜਸਬੀਰ ਨਮੋਲ, ਮਹਿੰਦਰ ਪ੍ਰਤਾਪ, ਪ੍ਰੇਮ ਸਰੂਪ ਛਾਜਲੀ, ਅਮ੍ਰਿਤਪਾਲ ਲਹਿਰਾਗਾਗਾ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਤੁਰੰਤ ਲਿਖਤੀ ਹੁਕਮ ਜਾਰੀ ਕਰ ਕੇ ਬੱਚਿਆਂ ਤੇ ਮਾਪਿਆਂ ਦੀ ਹੋ ਰਹੀ ਖੱਜਲ-ਖੁਆਰੀ ਨੂੰ ਰੋਕੇ ਤੇ ਪੁਰਾਣੇ ਰੋਕੇ ਵਜੀਫਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਜਾਰੀ ਕਰੇ।