ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਜੂਨ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 5 ਜੂਨ ਨੂੰ ਸ਼ਹਿਰ ਕੋਲੋਂ ਲੰਘਦੀ ਘੱਗਰ ਬਰਾਂਚ ਨਹਿਰ ਦੇ ਨਵੇਂ ਬਣੇ ਅਧੂਰੇ ਪੁਲ ਨੂੰ ਸੰਪੂਰਨ ਕਰਨ ਨੂੰ ਲੈ ਕੇ ਸੰਕੇਤਕ ਧਰਨੇ ਪਿੱਛੋਂ ਲੋਕ ਨਿਰਮਾਣ ਵਿਭਾਗ ਹਰਕਤ ’ਚ ਆਇਆ ਹੈ, ਪਰ ਨਹਿਰੀ ਵਿਭਾਗ ਨੇ ਸਿਰਫ਼ 11 ਜੂਨ ਤੱਕ ਕੰਮ ਕਰਨ ਦੀ ਰਾਹਤ ਦੇਣ ਕਾਰਨ ਇਸ ਦੇ ਸੰਪੂਰਨ ਹੋਣ ’ਤੇ ਸਵਾਲ ਖੜ੍ਹੇ ਹੋਏ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਬੰਦੀ ਕਰਕੇ ਝੋਨੇ ਦੀ ਪਹਿਲੇ ਦਿਨ ਲੁਆਈ ’ਤੇ ਮਾਰੂ ਅਸਰ ਪਿਆ ਹੈ। ਨਹਿਰੀ ਵਿਭਾਗ ਦਿਆਲਪੁਰਾ ਸਬ-ਡਿਵੀਜ਼ਨ ਦੇ ਐੱਸਡੀਓ ਨੇ ਦੱਸਿਆ ਕਿ ਕਿਸਾਨਾਂ ਅਤੇ ਜਲਘਰਾਂ ਲਈ ਵਿਭਾਗ ਨੂੰ ਘੱਗਰ ਬਰਾਂਚ ਨਹਿਰ ’ਚ ਪਾਣੀ ਛੱਡਣ ਦੀ ਮੰਗ ਭੇਜੀ ਹੈ, ਜਿਸ ਕਰਕੇ ਨਹਿਰੀ ਪਾਣੀ ਦੀ ਸਪਲਾਈ 11-12 ਦੀ ਰਾਤ ਨੂੰ ਚੱਲਣ ਦੀ ਸੰਭਾਵਨਾ ਹੈ। ਉੱਧਰ ਲਹਿਰਾਗਾਗਾ ’ਚ ਬਣੇ ਇੱਕਲੌਤੇ ਲਹਿਰਾਗਾਗਾ-ਸੁਨਾਮ ਮੁੱਖ ਸੜਕ ਦੇ ਪੁਲ ਨੂੰ ਸੰਪੂਰਨ ਕਰਨ ’ਚ ਕਈ ਦਿਨ ਲੱਗਣਗੇ। ਧਰਨੇ ਮਗਰੋਂ ਕੰਮ ਕਰਵਾ ਰਹੇ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਾਲੇ ਪੱਕੇ ਪੁਲ ਦੀ ਲਾਇਨਿੰਗ ਤੇ ਕਿਨਾਰੇ ਮਜ਼ਬੂਤ ਕਰਨ ਨੂੰ ਹਫ਼ਤਾ ਲੱਗੇਗਾ। ਉਨ੍ਹਾਂ ਦੱਸਿਆ ਹਾਲੇ ਸਿਰਫ ਜੇਸੀਬੀ ਮਸ਼ੀਨਾਂ ਲਾਕੇ ਨਹਿਰ ਕਿਨਾਰੇ ਮਿੱਟੀ ਲਾਕੇ ਠੋਸ ਬਣਾਇਆ ਹੈ। ਇਸ ਮਗਰੋਂ ਇਟਾਂ ਆਦਿ ਲਗਾਈਆਂ ਜਾਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਠੇਕੇਦਾਰ ਕੋਲ 30 ਜੂਨ ਤੱਕ ਕੰਮ ਦਾ ਠੇਕਾ ਸੀ, ਪਰ ਉਸ ਦੇ ਅਦਾਲਤ ’ਚ ਚਲੇ ਜਾਣ ਕਰਕੇ ਕੰਮ ਵਿਚਕਾਰ ਲਟਕ ਗਿਆ ਸੀ। ਹੁਣ ਕਿਸਾਨਾਂ ਦੇ ਧਰਨੇ ਮਗਰੋਂ ਵਿਭਾਗ ਆਪਣੇ ਪੱਧਰ ’ਤੇ ਕੰਮ ਕਰਵਾ ਰਿਹਾ ਹੈ।