ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
ਜ਼ਿਲ੍ਹੇ ਵਿੱਚ ਬਾਰ੍ਹਵੀਂ ਦੀ ਪ੍ਰੀਖਿਆ ਵਿੱਚੋਂ ਮੈਰਿਟ ’ਤੇ ਆਏ ਵਿਦਿਆਰਥੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵਿਸ਼ੇਸ਼ ਤੌਰ ’ਤੇ ਆਪਣੇ ਦਫ਼ਤਰ ਬੁਲਾਇਆ ਅਤੇ ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਦੀ ਕਾਮਯਾਬੀ ਨਾਲ ਉਤਸ਼ਾਹਿਤ ਹਨ ਅਤੇ ਇਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਕਾਮਨਾ ਕਰਦੇ ਹਨ।
ਜੋਰਵਾਲ ਨੇ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਪਾਇਲ, ਹੁਸਨਪ੍ਰੀਤ ਕੌਰ, ਪ੍ਰਿਯੰਕਾ ਸ਼ਰਮਾ ਤੇ ਗਗਨਦੀਪ ਕੌਰ ਅਤੇ ਵਿਦਿਆਰਥੀ ਅੰਸ਼ ਕਾਂਤ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਤੇ ਸਕੂਲ ਪ੍ਰਿੰਸੀਪਲਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਦੇ ਟੀਚਿਆਂ ਬਾਰੇ ਵੀ ਗੱਲਬਾਤ ਕੀਤੀ ਅਤੇ ਆਪਣੀ ਮਿਹਨਤ, ਲਗਨ ਤੇ ਦ੍ਰਿੜ੍ਹਤਾ ਨਾਲ ਹੋਰ ਉਚਾਈਆਂ ਛੂਹਣ ਲਈ ਪ੍ਰੇਰਿਆ। ਇਸ ਮੌਕੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਨੁਕਤਿਆਂ ’ਤੇ ਅਮਲ ਕਰਕੇ ਭਵਿੱਖ ਵਿੱਚ ਵੀ ਮਿਹਨਤ ਦੇ ਰਾਹ ’ਤੇ ਚੱਲਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੁਲਤਰਨਜੀਤ ਸਿੰਘ ਵੀ ਹਾਜ਼ਰ ਸਨ।