ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 9 ਜੂਨ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਗੁੱਜਰਾਂ ਵਿਚ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਪੇਂਡੂ ਦਲਿਤ ਮਜ਼ਦੂਰ ਭਾਈਚਾਰਾ ਸਾਂਝੇ ਤੌਰ ’ਤੇ ਲੈਣ ਵਿੱਚ ਕਾਮਯਾਬ ਰਿਹਾ ਹੈ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਧਰਮਪਾਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਮੀਨ ਦੀ ਬੋਲੀ ਪਿਛਲੇ ਸਾਲ ਦੇ ਭਾਅ ਤੋਂ ਵਧਾ ਕੇ ਕਰਵਾਈ ਜਾ ਰਹੀ ਸੀ ਪਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਪਿੰਡ ਕਮੇਟੀ ਪਿਛਲੇ ਸਾਲ ਦੇ ਭਾਅ ਤੋਂ ਘੱਟ ਭਾਅ ’ਤੇ ਜ਼ਮੀਨ ਲੈਣ ਲਈ ਬਜ਼ਿੱਦ ਸੀ। ਲਗਤਾਰ ਤਿੰਨ ਬੋਲੀਆਂ ਰੱਦ ਹੋਈਆਂ ਪਰ ਪ੍ਰਸ਼ਾਸਨ ਨੂੰ ਲੋਕਾਂ ਦੇ ਰੋਹ ਅੱਗੇ ਝੁਕਣਾ ਪਿਆ। ਪਿਛਲੇ ਸਾਲ ਜ਼ਮੀਨ ਦੀ ਬੋਲੀ 5,75,000 ਰੁਪਏ ਵਿੱਚ ਹੋਈ ਸੀ ਤੇ ਇਸ ਵਾਰ 4,30,000 ਹਜ਼ਾਰ ਵਿੱਚ ਰੁਪਏ ਵਿੱਚ ਹੋਈ ਹੈ।
ਪਿੰਡ ਵਿੱਚ ਕੁੱਲ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਸਾਢੇ ਸਤਾਰਾਂ ਏਕੜ ਹੈ। ਇਸ ’ਤੇ 300 ਤੋਂ ਵਧੇਰੇ ਪਰਿਵਾਰ ਖੇਤੀ ਕਰਦੇ ਹਨ। ਪਿੰਡ ਇਕਾਈ ਦੇ ਆਗੂਆਂ ਲਖਵੀਰ ਸਿੰਘ, ਗੁਰਵਿੰਦਰ ਸਿੰਘ ਅਤੇ ਸਤਗੁਰ ਸਿੰਘ ਨੇ ਕਿਹਾ ਕਿ ਸਰਕਾਰਾਂ ਕਰੋਨਾ ਨੂੰ ਹਊਆ ਬਣਾ ਕੇ ਲੌਕਡਾਊਨ ਲਗਾ ਰਹੀਆਂ ਹਨ ਪਰ ਲੌਕਡਾਊਨ ਦੀ ਬਜਾਏ ਲੋੜ ਇਸ ਗੱਲ ਦੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਪੂਰਾ ਪ੍ਰਬੰਧ ਕਰੇ, ਨਵੀਂ ਭਰਤੀ ਕਰੇ, ਮਜ਼ਦੂਰਾਂ, ਲੋੜਵੰਦਾਂ ਲਈ ਮੁਫ਼ਤ ਵਿੱਚ ਇਲਾਜ ਦਾ ਪੱਕਾ ਪ੍ਰਬੰਧ ਕਰੇ ਅਤੇ ਕਰੋਨਾ ਤੇ ਚੱਲਦਿਆਂ ਮਜ਼ਦੂਰਾਂ ਲਈ ਪ੍ਰਤੀ ਮਹੀਨਾਂ ਪੰਜ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਦਿੱਤਾ ਜਾਵੇ। ਇਸ ਮੌਕੇ ਮਨਜੀਤ ਕੌਰ, ਜਸਵੀਰ ਕੌਰ, ਮੂਰਤੀ ਕੌਰ, ਚਰਨਜੀਤ ਕੌਰ, ਚਮਕੌਰ ਸਿੰਘ ਅਤੇ ਜਗਦੇਵ ਸਿੰਘ ਆਦਿ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਮਜ਼ਦੂਰ ਔਰਤਾਂ ਹਾਜ਼ਰ ਸਨ।