ਬੀਰਬਲ ਰਿਸ਼ੀ
ਸ਼ੇਰਪੁਰ, 11 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ। ਵੜਿੰਗ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਤਿੰਨ ਮਹੀਨੇ ਕਾਰਗੁਜ਼ਾਰੀ ਦੇਖ ਕੇ ਵੋਟ ਪਾਉਣ ਕਿਉਂਕਿ ਇਸ ਸਮੇਂ ਦੌਰਾਨ ਪੰਜਾਬ ਅੰਦਰ ਲੁੱਟਾਂ, ਖੋਹਾਂ, ਕਤਲੋਗਾਰਦ ਨੇ ਪੰਜਾਬ ਦੇ ਲੋਕਾਂ ਵਿੱਚ ਖੌਫ਼ ਪੈਦਾ ਕੀਤਾ ਹੈ।
ਇਸ ਮੌਕੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਦਵਿੰਦਰ ਸਿੰਘ ਘੁਬਾਇਆ, ਰਾਜ ਸਿੰਘ ਖੇੜੀ (ਸਾਰੇ ਸਾਬਕਾ ਵਿਧਾਇਕ), ਕੈਪਟਨ ਸੰਦੀਪ ਸੰਧੂ, ਕੁਲਵੰਤ ਸਿੰਘ ਟਿੱਬਾ ਆਦਿ ਦੀ ਮੌਜੂਦਗੀ ਦੌਰਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੰਯੁਕਤ ਮੋਰਚੇ ਵੱਲੋਂ ਚੋਣ ਲੜ ਚੁੱਕੇ ਜਸਵੀਰ ਸਿੰਘ ਖੇੜੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਾਜ਼ਰੀਨ ਨੇ ਅੱਜ ਜਨਮ ਦਿਨ ਮੌਕੇ ਲੋਕ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਉਸ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ।
ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਗਠਿਤ ਮੀਡੀਆ ਟੀਮ ਵੱਲੋਂ ਪ੍ਰੈੱਸ ਨੂੰ ਅੱਖੋ-ਪਰੋਖੇ ਕਰਨ ਤੋਂ ਪੱਤਰਕਾਰ ਭਾਈਚਾਰੇ ਦੇ ਇੱਕ ਹਿੱਸੇ ਵਿੱਚ ਨਰਾਜ਼ਗੀ ਪਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਪੱਤਰਕਾਰਾਂ ਨੂੰ ਸੁਨੇਹੇ ਨਾ ਲਾਏ ਜਾਣ ’ਤੇ ਜ਼ਿੰਮੇਵਾਰ ਆਗੂਆਂ ਦੀ ਝਾੜ-ਝੰਬ ਕੀਤੇ ਜਾਣ ਦੀ ਖ਼ਬਰ ਹੈ।