ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਜੁਲਾਈ
ਪਿੰਡ ਜੌਲੀਆਂ ਦੇ ਗੁਰਦੁਆਰੇ ਵਿਖੇ ਬੀਤੇ ਦਿਨੀਂ ਅਗਨ ਭੇਟ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਬੰਧੀ ਸੰਗਤ ਨਾਲ ਅਫ਼ਸੋਸ ਕਰਨ ਲਈ ਆਏ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਤੋਂ ਫਾਸਟ ਟਰੈਕ ਰੂਲ ਰਾਹੀਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਤੇਜ ਸਿੰਘ ਝਨੇੜੀ, ਇੰਦਰਜੀਤ ਸਿੰਘ ਤੂਰ, ਧਨਮਿੰਦਰ ਸਿੰਘ ਅਤੇ ਨਿਹਾਲ ਸਿੰਘ ਹਾਜ਼ਰ ਸਨ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ) ਇੱਥੇ ਪਾਰਟੀ ਆਗੂਆਂ ਨਾਲ ਮਿਲਣੀ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਇਸ ਵੇਲੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਤੇ ਇਸ ਦਾ ਭਵਿੱਖ ਫ਼ਿਕਰਮੰਦੀ ਵਾਲਾ ਹੈ। ਇਸ ਨੂੰ ਮੌਜੂਦਾ ਹਾਲਾਤ ਵਿੱਚੋਂ ਕੱਢਣ ਲਈ ਸੁਹਿਰਦ ਧਿਰਾਂ ਤੇ ਵਿਅਕਤੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ। ਇਸ ਮੌਕੇ ਚੌਧਰੀ ਅਬਦੁੱਲ ਗੁਫਾਰ, ਗਿਆਨੀ ਅਮਰ ਸਿੰਘ, ਅਜੀਤ ਸਿੰਘ ਹਾਜ਼ਰ ਸਨ।
ਨਸ਼ਿਆਂ ਵਿਰੁੱਧ ਬੰਦ ਪਏ ਕੇਸ ਖੁਲ੍ਹਵਾਏ ਜਾਣ: ਪਰਮਿੰਦਰ
ਧੂਰੀ (ਹਰਦੀਪ ਸਿੰਘ ਸੋਢੀ): ਲਹਿਰਾਗਾਗਾ ਤੋਂ ਵਿਧਾਇਕ ਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਅਦਾਲਤ ਵਿੱਚ ਬੰਦ ਪਏ ਕੇਸਾਂ ਨੂੰ ਮੁੜ ਖੁੱਲ੍ਹਵਾਇਆ ਜਾਵੇ, ਜਿਸ ਨਾਲ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਵੱਲੋਂ ਬਿਕਰਮ ਸਿੰਘ ਮਜੀਠੀਆ ਉੱਪਰ ਨਸ਼ਿਆਂ ਸਬੰਧੀ ਲਾਏ ਦੋਸ਼ਾਂ ਦੀ ਥਾਂ ਅਦਾਲਤ ’ਚ ਬੰਦ ਪਏ ਕੇਸਾਂ ਨੂੰ ਖੁੱਲਵਾਉਣਾ ਚਾਹੀਦਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਲੋਕਾਂ ਨੇ ਕਰਨਾ ਹੈ। ਉਨ੍ਹਾਂ ਸਫ਼ਾਈ ਸੇਵਕਾਂ ਦੀਆ ਮੰਗਾਂ ਦਾ ਸਮਰਥਨ ਕੀਤਾ ਤੇ ਬੂਟੇ ਵੀ ਲਗਾਏ।