ਗੁਰਦੀਪ ਸਿੰਘ ਲਾਲੀ
ਸੰਗਰੂਰ,13 ਜਨਵਰੀ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਲੋਂ ਸਰਕਾਰੀ ਜ਼ਮੀਨ ’ਤੇ ਆਪਣੇ ਭਰਾ ਦੇ ਨਾਮ ’ਤੇ ਬਣਾਈ ਜਾ ਰਹੀ ਯਾਦਗਾਰ ‘ ਸੰਜੇ ਗਾਬਾ ਸਪੋਰਟਸ ਗਰਾਊਂਡ ’’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ‘ ਸੰਜੇ ਗਾਬਾ ਸਪੋਰਟਸ ਗਰਾਊਂਡ ’’ ਦਾ ਨੀਂਹ ਪੱਥਰ ਅੱਜ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਰੱਖਿਆ ਗਿਆ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਭਰਾ ’ਤੇ ਬਣ ਰਹੀ ਇਸ ਯਾਦਗਾਰ ਦੀ ਜਿਥੇ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ ਉਥੇ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਜਥੇਬੰਦੀ ਦੇ ਵਫਦ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਸਿਆਸੀ ਪਰਿਵਾਰਾਂ ਦੇ ਨਾਂਅ ’ਤੇ ਬਣ ਰਹੀਆਂ ਯਾਦਗਾਰਾਂ ਨਾਲ ਸ਼ਹਿਰ ਦੇ ਹੋ ਰਹੇ ਸਿਆਸੀਕਰਨ ਨੂੰ ਰੋਕਣ ਦੀ ਮੰਗ ਕੀਤੀ ਹੈ।
ਇਥੇ ਸੁਨਾਮ ਰੋਡ ’ਤੇ ਸਥਿਤ ਕੈਪਟਨ ਕਰਮ ਸਿੰਘ ਨਗਰ ਵਿਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਸੰਜੇ ਗਾਬਾ ਦੀ ਯਾਦ ਵਿੱਚ ਸਰਕਾਰੀ ਜਗ੍ਹਾ ਵਿਚ 24.75 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਗਰਾਊਂਡ ਦਾ ਨੀਂਹ ਪੱਥਰ ਰੱਖਿਆ ਗਿਆ। ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਨੇ ਖੇਡ ਪਾਰਕ ਦਾ ਨਾਮ ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਦੇ ਭਰਾ ’ਤੇ ਰੱਖਣ ’ਤੇ ਸਖਤ ਇਤਰਾਜ਼ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਜਥੇਬੰਦੀ ਪਿਛਲੇ 23 ਸਾਲਾਂ ਤੋਂ ਦੇਸ਼ ਭਗਤ ਯਾਦਗਾਰ ਹਾਲ ਲਈ ਸਿਰਫ਼ 200 ਗਜ਼ ਜ਼ਮੀਨ ਦੀ ਮੰਗ ਕਰ ਰਹੀ ਹੈ ਪਰੰਤੂ ਹੁਣ ਤੱਕ ਸਿਰਫ਼ ਲਾਰੇ ਹੀ ਮਿਲੇ ਹਨ। ਉਨ੍ਹਾਂ ਕਿਹਾ ਕਿ ਮਰਹੂਮ ਸੰਜੇ ਗਾਬਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ ਦਾ ਭਰਾ ਸੀ ਜਿਸਦੀ ਸ਼ਹਿਰ ਜਾਂ ਦੇਸ਼ ਲਈ ਕੋਈ ਕੁਰਬਾਨੀ ਜਾਂ ਦੇਣ ਨਹੀਂ ਹੈ। ਸ੍ਰੀ ਖਾਲਸਾ ਨੇ ਕਿਹਾ ਕਿ ਜੇਕਰ ਅਜਿਹੀਆਂ ਸਿਆਸੀ ਯਾਦਗਾਰਾਂ ਦੇ ਬੋਰਡ ਨਾ ਪੁੱਟੇ ਗਏ ਤਾਂ 26 ਜਨਵਰੀ ਤੋਂ ਸ਼ਹਿਰ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਿਆਸੀ ਯਾਦਗਾਰਾਂ ਦੇ ਬੋਰਡ ਪੁੱਟ ਕੇ ਦੇਸ਼ ਭਗਤਾਂ ਦੇ ਨਾਮ ’ਤੇ ਬੋਰਡ ਲਗਾਏ ਜਾਣਗੇ।
ਇਸ ਸਬੰਧ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ ਦਾ ਕਹਿਣਾ ਹੈ ਕਿ ਇਹ ਜਗ੍ਹਾ ਬੇਅਬਾਦ ਪਈ ਸੀ ਅਤੇ ਬੱਚਿਆਂ ਲਈ ਖੇਡ ਪਾਰਕ ਬਣਾਇਆ ਜਾ ਰਿਹਾ ਹੈ। ਜੇ ਕਿਸੇ ਨੂੰ ਪਾਰਕ ਦੇ ਨਾਮ ’ਤੇ ਇਤਰਾਜ਼ ਹੈ ਤਾਂ ਉਹ ਯਾਦਗਾਰੀ ਪਾਰਕਾਂ ਦੇ ਨਾਮ ਸ਼ਹੀਦਾਂ ਦੇ ਨਾਂਅ ’ਤੇ ਰੱਖਣ ਲਈ ਲਿਖਤੀ ਪੱਤਰ ਦੇ ਸਕਦੇ ਹਨ। ਹੋਰ ਬਣਨ ਵਾਲੇ ਪਾਰਕਾਂ ਦੇ ਨਾਂਅ ਸ਼ਹੀਦਾਂ ਦੇ ਨਾਮ ’ਤੇ ਰੱਖੇ ਜਾ ਸਕਦੇ ਹਨ।