ਮੇਜਰ ਸਿੰਘ ਮੱਟਰਾਂ
ਭਵਾਨੀਗੜ, 26 ਜੁਲਾਈ
ਇੱਥੋਂ ਨੇੜਲੇ ਪਿੰਡ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਦੀਆਂ ਜ਼ਮੀਨਾਂ ਵਿੱਚੋਂ ਬਣਾਈ ਜਾ ਰਹੀ ਦਿੱਲੀ ਕੱਟੜਾ ਨੈਸ਼ਨਲ ਹਾਈਵੇਅ ਲਈ ਕਿਸਾਨਾਂ ਤੋਂ ਸਸਤੇ ਭਾਅ ’ਤੇ ਜਬਰੀ ਗ੍ਰਹਿਣ ਕਰਨ ਦੀ ਕਾਰਵਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਖ਼ਿਲਾਫ਼ ਪਿੰਡ ਖੇੜੀ ਚੰਦਵਾਂ ਦੀ ਹੱਦ ਤੇ ਦੋ ਹਫਤੇ ਪਹਿਲਾਂ ਸ਼ੁਰੂ ਕੀਤਾ ਦਿਨ-ਰਾਤ ਦਾ ਪੱਕਾ ਧਰਨਾ ਜਾਰੀ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਹਰ ਰੋਜ਼ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਐਡਵੋਕੇਟ ਹਰਵਿੰਦਰ ਸਿੰਘ ਦੁੱਲਟ, ਧਰਮਿੰਦਰ ਸਿੰਘ ਸਾਬਕਾ ਸਰਪੰਚ ਸੰਤੋਖਪੁਰਾ, ਪ੍ਰਿਤਪਾਲ ਸਿੰਘ ਜਲਾਣ ਇਕਾਈ ਪ੍ਰਧਾਨ, ਗਿਆਨ ਸਿੰਘ ਨਦਾਮਪੁਰ ਨੇ ਦੱਸਿਆ ਕਿ ਦਿੱਲੀ ਕੱਟੜਾ ਸੜਕ ਅਥਾਰਟੀ ਤੇ ਪ੍ਰਸ਼ਾਸਨ ਪਹਿਲਾਂ ਹੀ ਕਿਸਾਨਾਂ ਤੋਂ 20 ਲੱਖ ਰੁਪਏ ਪ੍ਰਤੀ ਏਕੜ ਜ਼ਮੀਨ ਐਕਵਾਇਰ ਕਰ ਰਿਹਾ ਸੀ, ਜਿਸ ਖ਼ਿਲਾਫ ਕਿਸਾਨਾਂ ਨੇ ਲੰਬਾ ਸੰਘਰਸ਼ ਕਰਕੇ 74 ਲੱਖ ਰੁਪਏ ਪ੍ਰਤੀ ਏਕੜ ਦੀ ਮੰਗ ਮਨਵਾ ਲਈ ਸੀ, ਪਰ ਸੰਤੋਖਪੁਰਾ, ਹਰਕਿਸ਼ਨਪੁਰਾ ਅਤੇ ਖੇੜੀ ਚੰਦਵਾਂ ਪਿੰਡਾਂ ਦੀ ਜ਼ਮੀਨ ਪੁਰਾਣੇ ਰੇਟ ’ਤੇ ਹੀ ਪ੍ਰਸਾਸ਼ਨ ਤੇ ਅਥਾਰਟੀ ਐਕਵਾਇਰ ਕਰ ਰਹੇ ਹਨ ਅਤੇ ਜ਼ਮੀਨਾਂ ਉਤੇ ਜਬਰੀ ਕਬਜ਼ਾ ਕਰ ਰਹੇ ਹਨ। ਉੁਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਅਥਾਰਟੀ ਵੱਲੋਂ ਇਨ੍ਹਾਂ ਪਿੰਡਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਜੋ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।