ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 12 ਜੂਨ
ਦਿੜ੍ਹਬਾ ਰਿਜ਼ਰਵ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਤਿੰਨ ਵਾਰ ਚੋਣ ਲੜ ਚੁੱਕੇ ਮਾਸਟਰ ਅਜੈਬ ਸਿੰਘ ਰਟੌਲ, ਜਿਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਨੇ ਵੀ ਭਾਰਤੀ ਜਨਤਾ ਪਾਰਟੀ ਦਾ ਲੜ ਫੜਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਵੱਲੋਂ 13 ਜੂਨ ਨੂੰ ਦਿੜ੍ਹਬਾ ’ਚ ਪੁੱਜ ਰਹੇ ਭਾਜਪਾ ਦੇ ਕੇਂਦਰੀ ਆਗੂਆਂ ਦੀ ਹਾਜ਼ਰੀ ਵਿੱਚ ਰਸਮੀ ਐਲਾਨ ਕੀਤਾ ਜਾਵੇਗਾ ਕਿਉਂਕਿ ਉਹ ਬੀਤੇ ਦਿਨ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮਿਲ ਚੁੱਕੇ ਹਨ। ਮਾਸਟਰ ਰਟੌਲ ਨੇ ਦੱਸਿਆ ਕਿ ਜਿਸ ਪਾਰਟੀ ਵਿੱਚ ਕੋਈ ਕਦਰ ਨਹੀਂ ਜਾਂ ਪਾਰਟੀ ਦਾ ਕੋਈ ਆਗੂ ਨਹੀਂ ਰਿਹਾ ਤਾਂ ਉਸ ਪਾਰਟੀ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਦੱਸਿਆ ਕਿ ਉਹ ਭਾਵੇਂ ਦਿੜ੍ਹਬਾ ਹਲਕੇ ਦੀ ਰਿਜ਼ਰਵ ਸੀਟ ਤੋਂ ਤਿੰਨ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਹਨ ਪਰ ਤਿੰਨੇ ਵਾਰ ਹੀ ਪਾਰਟੀ ਵਿਚਲੇ ਸਥਾਨਕ ਆਗੂਆਂ ਨੇ ਉਸ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਾਜਾ ਵੜਿੰਗ ਦਿੜ੍ਹਬਾ ਆਏ ਸਨ ਪਰ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਉਸ ਨੂੰ ਪਤਾ ਲੱਗਿਆ ਕਿ ਪਾਰਟੀ ਉਸ ਖ਼ਿਲਾਫ ਕਾਰਵਾਈ ਕਰਨ ਜਾ ਰਹੀ ਹੈ, ਉਸ ਤੋਂ ਪਹਿਲਾਂ ਹੀ ਉਸ ਨੇ ਪਾਰਟੀ ਛੱਡ ਦਿੱਤੀ ਹੈ।