ਪੱਤਰ ਪ੍ਰੇਰਕ
ਲਹਿਰਾਗਾਗਾ, 20 ਅਗਸਤ
ਇੱਥੋਂ ਨੇੜਲੇ ਪਿੰਡ ਖੋਖਰ ਖੁਰਦ ਵਾਸੀ ਨੇ ਆਰਥਿਕ ਤੰਗ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਬਲਦੇਵ ਸਿੰਘ ਵਾਸੀ ਖੋਖਰ ਖੁਰਦ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ। ਇਸ ਕਾਰਨ ਉਹ ਪੰਦਰਾਂ ਸਾਲਾਂ ਤੋਂ ਆਪਣੇ ਪੇਕੇ ਹੀ ਰਹਿੰਦੀ ਸੀ। ਮ੍ਰਿਤਕ ਦੇ ਲੜਕੇ ਜਗਸੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਵੀ ਆਪਣੀ ਮਾਂ ਕੋਲ ਹੀ ਰਹਿੰਦੀ ਸੀ। ਘਰ ਵਿੱਚ ਆਰਥਿਕ ਤੰਗੀ ਹੈ। ਜਗਸੀਰ ਨੇ ਦੱਸਿਆ ਕਿ ਉਹ ਹੀ ਘਰ ਵਿੱਚ ਰੋਟੀ ਬਣਾਉਂਦਾ ਹੈ। ਉਸ ਦੇ ਪਿਤਾ ਆਰਥਿਕ ਤੰਗੀ ਤੇ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦੇ ਸਨ। ਇਸ ਕਾਰਨ ਉਨ੍ਹਾਂ ਨੇ ਫਾਹਾ ਲੈ ਲਿਆ। ਲਹਿਰਾ ਪੁਲੀਸ ਨੇ ਮੂਨਕ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪਿੰਡ ਦੀ ਸਰਪੰਚ ਪਰਮਜੀਤ ਕੌਰ ਤੇ ਪਿੰਡ ਖੋਖਰ ਕਲਾਂ ਦੇ ਪੰਚ ਨਛੱਤਰ ਕੌਰ ਤੇ ਹੋਰਨਾਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।