ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਮਾਰਚ
ਇੱਥੇ ਟਰੱਕ ਯੂਨੀਅਨ ਦੇ ਦੋ ਧੜਿਆਂ ਵਿਚਕਾਰ ਹੋਈ ਖੂਨੀ ਝੜਪ ਦੇ ਮਾਮਲੇ ‘ਚ ਪੁਲੀਸ ਵੱਲੋਂ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਸਮੇਤ 4 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਟਰੱਕ ਅਪਰੇਟਰ ਜਗਦੀਪ ਸਿੰਘ ਗੋਗੀ ਨਰੈਣਗੜ੍ਹ ਨੇ ਪੁਲੀਸ ਕੋਲ ਬਿਆਨ ਦਿੱਤਾ ਕਿ ਉਹ ਟਰੱਕ ਯੂਨੀਅਨ ‘ਚ ਇਕੱਠੇ ਹੋਏ ਸੀ ਤਾਂ ਇਸ ਦੌਰਾਨ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ, ਗੁਰਜੀਤ ਸਿੰਘ, ਮੌਜੂਦਾ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਅਤੇ ਜੀਤ ਸਿੰਘ ਸਾਰੇ ਵਾਸੀ ਭਵਾਨੀਗੜ੍ਹ ਕ੍ਰਿਪਾਨਾਂ ਤੇ ਡੰਡਿਆਂ ਨਾਲ ਲੈਸ ਹੋ ਕੇ ਟਰੱਕ ਅਪਰੇਟਰ ਮਲਕੀਤ ਸਿੰਘ ਦੀ ਕੁੱਟਮਾਰ ਕਰ ਰਹੇ ਸਨ। ਜਗਦੀਪ ਸਿੰਘ ਗੋਗੀ ਨੇ ਦੱਸਿਆ ਕਿ ਜਦੋਂ ਉਹ ਮਲਕੀਤ ਸਿੰਘ ਨੂੰ ਛਡਵਾਉਣ ਲੱਗੇ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਤੇ ਉਸ ਦੇ ਭਤੀਜੇ ਲਵਪ੍ਰੀਤ ਸਿੰਘ ਨੂੰ ਘੇਰ ਕੇ ਉਨ੍ਹਾਂ ਦੇ ਸੱਟਾਂ ਮਾਰੀਆਂ। ਪੁਲੀਸ ਨੇ ਜਗਦੀਪ ਸਿੰਘ ਦੇ ਬਿਆਨਾਂ ‘ਤੇ ਹਰਜੀਤ ਸਿੰਘ ਬੀਟਾ, ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਜੀਤ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਚ ਕਰਾਸ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਇਸ ਲੜਾਈ ਸਬੰਧੀ ਕੱਲ੍ਹ ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਦੀ ਧਿਰ ’ਤੇ ਪਰਚਾ ਦਰਜ ਕੀਤਾ ਗਿਆ ਸੀ।