ਹਰਦੀਪ ਸਿੰਘ ਸੋਢੀ
ਧੂਰੀ, 6 ਦਸੰਬਰ
ਨਗਰ ਕੌਂਸਲ ਧੂਰੀ ਵੱਲੋਂ ਇਕ ਪਾਸੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਸ਼ਹਿਰ ਦੇ 21 ਵਾਰਡਾਂ ਅੰਦਰ ਘਰਾਂ ਦੀ ਗੰਦਗੀ ਚੁੱਕਣ ਲਈ ਛੋਟੇ ਵਹੀਕਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਹਰ ਰੋਜ਼ ਸਵੇਰੇ-ਸ਼ਾਮ ਮੁਹੱਲਿਆਂ ਵਿੱਚ ਜਾ ਕੇ ਸੁੱਕਾ ਤੇ ਗਿੱਲਾ ਕੂੜਾ ਘਰਾਂ ਵਿੱਚੋਂ ਇਕੱਠਾ ਕਰਕੇ ਗੰਦਗੀ ਦੇ ਡੰਪ ਉੱਪਰ ਸੁੱਟਦੇ ਹਨ। ਨਗਰ ਕੌਂਸਲ ਦੀ ਇਸ ਮੁਹਿੰਮ ਨੂੰ ਕਾਫੀ ਸਫਲਤਾ ਵੀ ਮਿਲੀ ਹੈ ਪਰ ਹੁਣ ਸਰਕਾਰ ਦੇ ਨਵੇਂ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਭਾਵ ਹੁਣ ਨਵੇਂ ਹੁਕਮਾਂ ਮੁਤਾਬਕ ਹੋਟਲਾਂ, ਰੈਸਟੋਰੈਂਟਾ, ਖਾਣ ਪੀਣ ਵਾਲੀਆਂ ਦੁਕਾਨਾਂ, ਸਕੂਲਾਂ ਤੇ ਹੋਰ ਥਾਵਾਂ ਤੋਂ ਕੂੜਾ ਚੁੱਕਣ ਦੀ ਵੱਖਰੀ-ਵੱਖਰੀ ਫੀਸ ਨਿਰਧਾਰਤ ਕਰ ਦਿੱਤੀ ਹੈ। ਇਨ੍ਹਾਂ ਨਵੇਂ ਹੁਕਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਗਰ ਕੌਂਸਲ ਧੂਰੀ ਵੱਲੋਂ ਸ਼ਹਿਰ ਦੇ ਕਈ ਥਾਵਾਂ ਉੱਪਰ ਇਨ੍ਹਾਂ ਫੀਸਾਂ ਨੂੰ ਦਰਸਾਉਂਦੇ ਬੋਰਡ ਵੀ ਲਾ ਦਿੱਤੇ ਹਨ। ਇਸ ਸਬੰਧੀ ਧੂਰੀ ਦੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ, ਨੋਡਲ ਅਫਸਰ ਸੰਦੀਪ ਸਿੰਘ ਨੇ ਕਿਹਾ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ-2020’ ਤਹਿਤ ਸਰਕਾਰ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਤੇ ਪੰਜਾਬ ਸੋਲਿਡ ਵੇਸਟ ਮੈਨੇਜਮੈਂਟ ਕਲੀਨਨੈਸ ਤੇ ਸੈਨੀਟੇਸ਼ਨ ਬਾਇਲਾਜ-2020 ਪਾਸ ਕੀਤੇ ਹਨ, ਜਿਨ੍ਹਾਂ ਤਹਿਤ ਘਰ, ਦੁਕਾਨ, ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ, ਰੈਸਟੋਰੈਂਟ, ਢਾਬੇ, ਫੈਕਟਰੀਆਂ, ਪੈਲੇਸਾਂ ਵਿੱਚੋਂ ਪੈਦਾ ਹੋਈ ਗੰਦਗੀ ਨੂੰ ਜੇ ਉਹ ਆਪ ਨਹੀਂ ਸਾਂਭਦੇ ਤਾਂ ਉਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਧੂਰੀ ਦੀ ਹੋਵੇਗੀ ਜੋਂ ਅਪਣੇ ਸਾਧਨਾਂ ਰਾਹੀਂ ਇਨ੍ਹਾਂ ਥਾਵਾਂ ਤੋਂ ਕੂੜਾ ਕਰਕਟ ਚੁੱਕੇਗੀ ਤੇ ਉਸ ਨੂੰ ਸੰਭਾਲੇਗੀ। ਇਸ ਕੰਮ ਲਈ ਉਨ੍ਹਾਂ ਤੋਂ ਸਰਕਾਰੀ ਫੀਸ ਲਈ ਜਾਵੇਗੀ। ਉਨ੍ਹਾਂ ਕਿਹਾ ਹੁਕਮਾਂ ਮੁਤਾਬਕ ਸਰਕਾਰੀ ਫੀਸਾਂ ਵੀ ਵੱਖ-ਵੱਖ ਥਾਵਾਂ ਦੀਆਂ ਵੱਖਰੀਆਂ ਵੱਖਰੀਆਂ ਨਿਰਧਾਰਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਗਿੱਲੇ ਕੂੜੇ ਦੀ ਖਾਦ ਬਣਾਈ ਜਾਂਦੀ ਹੈ ਤੇ ਸੁੱਕੇ ਕੂੜੇ ਨੂੰ ਇਕ ਐਗਰੀਮੈਂਟ ਰਾਹੀਂ ਭੱਠਿਆਂ ਤੇ ਹੋਰ ਥਾਵਾਂ ’ਤੇ ਵੇਚਣ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸ਼ਹਿਰ ਵਾਸੀਆਂ ਜਿਨ੍ਹਾਂ ਵਿੱਚ ਹਰਬੰਸ ਸਿੰਘ ਸੋਢੀ, ਡਾਕਟਰ ਅਨਵਰ ਭਸੌੜ ਨੇ ਕਿਹਾ ਕਿ ਸਰਕਾਰ ਘਰਾਂ ਦੀ ਗੰਦਗੀ ਚੁੱਕਣ ਲਈ ਵੀ ਫੀਸਾਂ ਵਸੂਲਣ ਲੱਗ ਪਈ ਹੈ ਜੋਂ ਠੀਕ ਨਹੀਂ। ਉਨ੍ਹਾਂ ਕਿਹਾ ਕਿ ਘਰਾਂ ਤੋਂ ਇਲਾਵਾ ਹੋਰ ਥਾਵਾਂ ਤੋਂ ਗੰਦਗੀ ਨੂੰ ਲੈ ਕੇ ਆਉਣ ਜਾਣ ਤੇ ਸੰਭਾਲਣ ਲਈ ਸਰਕਾਰ ਆਪਣੇ ਤੌਰ ’ਤੇ ਪ੍ਰਬੰਧ ਕਰੇ।