ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਨਵੰਬਰ
ਨਗਰ ਕੌਂਸਲ ਵੱਲੋਂ ਅੱਜ ਕਮਰਸ਼ੀਅਲ ਤੌਰ ’ਤੇ ਵਰਤੀਆਂ ਜਾ ਰਹੀਆਂ ਕਥਿਤ ਗੈਰਕਾਨੂੰਨੀ ਇਮਾਰਤਾਂ ਖ਼ਿਲਾਫ਼ ਸਖਤ ਕਾਰਵਾਈ ਕਰਦਿਆਂ ਦੋ ਇਮਾਰਤਾਂ ਦੀ ਜੇ.ਸ਼ੀ.ਬੀ. ਮਸ਼ੀਨ ਨਾਲ ਸੰਕੇਤਕ ਤੌਰ ’ਤੇ ਭੰਨ-ਤੋੜ ਕੀਤੀ ਗਈ ਅਤੇ ਇਮਾਰਤਾਂ ਨੂੰ ਸੀਲ ਵੀ ਕਰ ਦਿੱਤਾ ਗਿਆ। ਨਗਰ ਕੌਂਸਲ ਅਧਿਕਾਰੀਆਂ ਅਨੁਸਾਰ ਇਨ੍ਹਾਂ ਇਮਾਰਤਾਂ ਦੇ ਨਕਸ਼ੇ ਘਰੇਲੂ ਵਰਤੋਂ ਲਈ ਪਾਸ ਕਰਵਾਏ ਗਏ ਪਰ ਵਰਤੋਂ ਕਮਰਸ਼ੀਅਲ ਤੌਰ ’ਤੇ ਕੀਤੀ ਜਾ ਰਹੀ ਸੀ।
ਅੱਜ ਨਗਰ ਕੌਂਸਲ ਦੇ ਅਧਿਕਾਰੀ ਸਮੇਤ ਪੁਲੀਸ ਪਾਰਟੀ ਦੇ ਅੱਜ ਸਥਾਨਕ ਲਾਲ ਬੱਤੀ ਚੌਕ ਨਜ਼ਦੀਕ ਪ੍ਰੇਮ ਬਸਤੀ ਰੋਡ ’ਤੇ ਪੁੱਜੇ। ਸੜਕ ’ਤੇ ਨਾਕਾ ਲਾ ਕੇ ਦੋਵੇਂ ਪਾਸੇ ਤੋਂ ਆਵਾਜਾਈ ਰੋਕ ਦਿੱਤੀ ਗਈ ਜਿਸ ਮਗਰੋਂ ਨਗਰ ਕੌਂਸਲ ਦੇ ਕਰਮਚਾਰੀਆਂ ਜੇਸੀਬੀ ਮਸ਼ੀਨ ਨਾਲ ਕਾਰਵਾਈ ਕੀਤੀ ਗਈ। ਇੱਕ ਇਮਾਰਤ ਵਿੱਚ ਆਈਲੈਟਸ ਸੈਂਟਰ ਚੱਲ ਰਿਹਾ ਹੈ ਜਦੋਂ ਕਿ ਉਸ ਦੇ ਨਾਲ ਹੀ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪੁਲੀਸ ਦੀ ਮੌਜੂਦਗੀ ਵਿੱਚ ਜੇ.ਸੀ.ਬੀ ਨਾਲ ਨਵੀਂ ਉਸਾਰੀ ਜਾ ਰਹੀ ਇਮਾਰਤ ਦੀ ਫਰੰਟ ਤੋਂ ਕੁੱਝ ਭੰਨ-ਤੋੜ ਕੀਤੀ ਗਈ ਅਤੇ ਉਪਰਲੀ ਮੰਜ਼ਲ ਦੇ ਲੈਂਟਰ ਨੂੰ ਵੀ ਕੁਝ ਜਗ੍ਹਾ ਤੋਂ ਤੋੜਿਆ ਗਿਆ।
ਮੌਕੇ ’ਤੇ ਸਮੁੱਚੀ ਕਾਰਵਾਈ ਦੀ ਨਿਗਰਾਨੀ ਈ.ਓ. ਨਗਰ ਕੌਂਸਲ ਰਾਕੇਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਸੀ ਜਦੋਂ ਕਿ ਥਾਣਾ ਸਿਟੀ ਇੰਚਾਰਜ ਗੁਰਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਤਾਇਨਾਤ ਸੀ। ਇਸ ਮੌਕੇ ਈ.ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਵੀਂ ਬਣ ਰਹੀ ਇਮਾਰਤ ਦਾ ਕਮਰਸ਼ੀਅਲ ਵਰਤੋਂ ਲਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਜਿਸ ਕਾਰਨ ਹੀ ਇਮਾਰਤ ਦੀ ਉਸਾਰੀ ਦੇ ਕੰਮ ਉੱਪਰ ਰੋਕ ਲਗਾਈ ਗਈ ਸੀ। ਇਸ ਸਬੰਧੀ ਇਮਾਰਤ ਦੇ ਮਾਲਕ ਨੂੰ ਨੋਟਿਸ ਭੇਜਿਆ ਗਿਆ ਸੀ ਅਤੇ ਇਮਾਰਤ ਉੱਪਰ ਵੀ ਨੋਟਿਸ ਚਿਪਕਾਇਆ ਗਿਆ ਸੀ ਪਰੰਤੂ ਇਸ ਦੇ ਬਾਵਜੂਦ ਇਮਾਰਤ ਦੀ ਉਸਾਰੀ ਦਾ ਕੰਮ ਲਗਾਤਾਰ ਚੱਲ ਰਿਹਾ ਸੀ। ਇਸ ਕਾਰਨ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ। ਆਈਲੈਟਸ ਸੈਂਟਰ ਵਾਲੀ ਇਮਾਰਤ ਨੂੰ ਵੀ ਕਮਰਸ਼ੀਅਲ ਤੌਰ ’ਤੇ ਵਰਤਿਆ ਜਾ ਰਿਹਾ ਸੀ ਜੋ ਗੈਰਕਾਨੂੰਨੀ ਸੀ। ਦੋਵੇਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ।