ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਅਕਤੂਬਰ
ਵਾਰਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਨੇੜਲੇ ਪਿੰਡ ਡਸਕਾ ਦੇ ਇੱਕ ਧਾਰਮਿਕ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜੇਕਰ ਕਿਸਾਨਾਂ ਨੂੰ ਪੰਜ ਸੌ ਰੁਪਏ ਕੁਵਿੰਟਲ ਬੋਨਸ ਦੇਵੇ ਤਾਂ ਜੋ ਕਿਸਾਨ ਪਰਾਲੀ ਦੀ ਸੁਚੱਜੀ ਸੰਭਾਲ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਫੈਸਲੇ ਨਾ ਲੈ ਸਕਣ ਕਾਰਨ ਲੋਕਾਂ, ਪਸ਼ੂ ਪੰਛੀਆਂ ਤੇ ਜੀਵ ਜੰਤੂਆਂ ਨਾ ਇਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਵਿੱਚ ਖਾਦ ਦੀ 70 ਫੀਸਦੀ ਮਾਤਰਾ ਹੋਣ ਕਰਕੇ ਇਸ ਨਾਲ ਧਰਤੀ ਦੀ ਉਪਜਾਉ ਸ਼ਕਤੀ ਵਧਦੀ ਹੈ। ਇਸ ਕਰਕੇ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਣਾ ਚਾਹੀਦਾ ਹੈ। ਇਸ ਲਈ ਸਰਕਾਰਾਂ ਨੂੰ ਇਸਦਾ ਬਦਲ ਲੱਭਣ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਖਰਾਬ ਹੁੰਦਾ ਹੈ ਜਿਸਦਾ ਮਾਰੂ ਅਸਰ ਪਸ਼ੂ ਪੰਛੀਆਂ ਅਤੇ ਮਨੁੱਖਤਾ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਨ ਇਕੱਲਾ ਪਰਾਲੀ ਦਾ ਨਹੀਂ, ਸਗੋਂ ਫੈਕਟਰੀਆਂ ਦਾ ਵੀ ਹੈ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਖੇਤੀ ਹੁਣ ਲਾਹੇਬੰਦ ਧੰਦਾ ਨਹੀਂ ਰਿਹਾ ਜਿਸ ਕਾਰਨ ਕਿਸਾਨੀ ਖਤਰੇ ’ਚ ਪੈਣ ਕਰਕੇ ਕਿਸਾਨ ਖੁਦਕੁਸ਼ੀਆਂ ਵਧ ਰਹੀਆਂ ਹਨ ਅਤੇ ਨੌਜਵਾਨੀ ਬਾਹਰ ਨੂੰ ਭੱਜ ਰਹੀ ਹੈ। ਉਨ੍ਹਾਂ ਰਾਜਨੀਤੀ ਬਾਰੇ ਸਿੱਧੇ ਜਵਾਬ ਦੀ ਬਜਾਏ ਕਿਹਾ ਕਿ ਕਿਸੇ ਵੀ ਅਪਰਾਧ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਸੁਪਰਸੀਡਰ ’ਤੇ ਸਬਸਿਡੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।