ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਅਪਰੈਲ
8 ਅਪਰੈਲ 1929 ਨੂੰ ਅੰਗਰੇਜ਼ ਸਰਕਾਰ ਵਲੋਂ ਦਿੱਲੀ ਅਸੈਂਬਲੀ ਵਿੱਚ ਪੇਸ਼ ਕੀਤੇ ਤਿੰਨ ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਆਪਣਾ ਵਿਰੋਧ ਜਤਾਉਣ ਲਈ ਸ਼ਹੀਦ ਭਗਤ ਸਿੰਘ ਅਤੇ ਬੀਕੇ ਦੱਤ ਵਲੋਂ ਸੁੱਟੇ ਬੰਬ ਤੇ ਹੱਥ ਪਰਚਿਆਂ ਦੀ ਵਰ੍ਹੇਗੰਢ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਪ੍ਰਜਾਪਤ ਧਰਮਸ਼ਾਲਾ ’ਚ ਜਬਰ ਵਿਰੋਧੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਵਰਨਜੀਤ ਸਿੰਘ ਨੇ ਅੱਠ ਅਪਰੈਲ ਦੀ ਇਤਿਹਾਸਕ ਘਟਨਾ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਕਨਵੈਨਸ਼ਨ ਨੂੰ ਮੁੱਖ ਬੁਲਾਰੇ ਪ੍ਰੋ. ਜਤਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੇਕੀ ਅਤੇ ਬਦੀ ਦੀ ਲੜਾਈ ਲਗਾਤਾਰ ਜਾਰੀ ਹੈ। ਤਰਸੇਮ ਲਾਲ ਨੇ ਕਿਹਾ ਕਿ ਇੱਕ ਪਾਸੇ ਦੇਸ਼ ਆਜ਼ਾਦੀ ਦਾ 75 ਸਾਲਾ ਅੰਮ੍ਰਿਤ ਉਤਸਵ ਮਨਾ ਰਿਹਾ ਹੈ, ਦੂਜੇ ਪਾਸੇ ਅੱਜ ਵੀ ਇਨ੍ਹਾਂ ਕਾਨੂੰਨਾਂ ਤੋਂ ਵੀ ਜ਼ਿਆਦਾ ਲੋਕ ਵਿਰੋਧੀ ਕਾਨੂੰਨ ਲਾਗੂ ਕਰ ਕੇ ਸਰਕਾਰਾਂ ਦਾ ਵਿਰੋਧ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਜੇਲ੍ਹਾਂ ਵਿੱਚ ਸਾੜਿਆ ਜਾ ਰਿਹਾ ਹੈ। ਇਨ੍ਹਾਂ ਕਾਲੇ ਅੰਗਰੇਜ਼ਾਂ ਦੇ ਗੈਰ ਜਮਹੂਰੀ ਕਾਰਨਾਮਿਆਂ ਨੂੰ ਨੰਗਾ ਕਰਨ ਲਈ ਸਮੂਹ ਜਮਹੂਰੀ ਸ਼ਕਤੀਆਂ ਨੂੰ ਇਕਜੁੱਟ ਹੋਣਾ ਹੋਵੇਗਾ। ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਵਿੱਚ ਭੀਮਾ ਕੋਰੇਗਾਉਂ ਅਤੇ ਹੋਰ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਕੀਤੇ ਬੁਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਰਾਣਾ ਅਯੂਬ ਅਤੇ ਆਕਾਰ ਪਟੇਲ ਉਪਰ ਵਿਦੇਸ਼ ਜਾਣ ਸਬੰਧੀ ਲਗਾਈਆਂ ਪਾਬੰਦੀਆਂ ਵਾਪਸ ਲੈਣ, ਕਿਸਾਨ ਅੰਦੋਲਨ ਦੌਰਾਨ ਪਾਏ ਕੇਸ ਵਾਪਸ ਲੈਣ, ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕਰਨ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਵਾਪਸ ਲੈਣ, ਦੀ ਮੰਗ ਕੀਤੀ ਗਈ। ਵਿਦਿਆਰਥੀ ਆਗੂ ਸੰਦੀਪ ਕੌਰ, ਅਮਨਦੀਪ ਕੌਰ, ਕੁਲਵਿੰਦਰ ਬੰਟੀ, ਡਾ. ਕ੍ਰਿਸ਼ਨ ਕੁਮਾਰ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।