ਪੱਤਰ ਪ੍ਰੇਰਕ
ਲਹਿਰਾਗਾਗਾ, 1 ਅਪਰੈਲ
ਉਪ ਪੁਲੀਸ ਕਪਤਾਨ ਮਨੋਜ ਗੋਰਸੀ ਨੇ ਦੱਸਿਆ ਕਿ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਕਲਰਕ ਦਵਿੰਦਰ ਸਿੰਘ ਵਰਮਾ ਦੇ ਖੁਦਕੁਸ਼ੀ ਮਾਮਲੇ ’ਚ ਮ੍ਰਿਤਕ ਦੇ ਭਰਾ ਰਾਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਰਡ 12 ਸ਼ਹੀਦ ਭਗਤ ਸਿੰਘ ਬਸਤੀ ਦੇ ਬਿਆਨ ’ਤੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਸਤੀਸ਼ ਕਾਂਸਲ, ਰਜਿਸਟਰਾਰ ਸੰਦੀਪ ਬਜਾਜ ਅਤੇ ਸਹਾਇਕ ਰਜਿਸਟਰਾਰ ਮਦਨ ਲਾਲ ਲਟਾਵਾ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਧਾਰਾ 306, 34 ਅਧੀਨ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਭਰਾ ਨੇ ਪੁਲੀਸ ਕੋਲ ਲਿਖਵਾਈ ਰਿਪੋਰਟ ’ਚ ਦੱਸਿਆ ਕਿ ਉਸ ਦਾ ਭਰਾ ਦਵਿੰਦਰ ਸਿੰਘ 36 ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ’ਚ ਬਤੌਰ ਕਲਰਕ ਤਾਇਨਾਤ ਸੀ ਪਰ ਤਿੰਨ ਸਾਲ ਤੋਂ ਤਨਖਾਹ ਨਾ ਮਿਲਣ ਕਾਰਨ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਸ ਨੇ ਕਾਲਜ ਦਫਤਰ ’ਚ ਹੀ ਖੁਦਕੁਸ਼ੀ ਕਰ ਲਈ ਸੀ। ਉਧਰ ਐਸਡੀਐਮ ਨਵਨੀਤ ਕੌਰ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇ ਵਾਰਸਾਂ ਨੂੰ ਪੰਜ ਲੱਖ ਮੌਕੇ ’ਤੇ ਦੇਣ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀ ਲਈ ਕਾਰਵਾਈ ਛੇਤੀ ਕੀਤੀ ਜਾ ਰਹੀ ਹੈ। ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਧਰਨੇ ’ਤੇ ਬੈਠੇ ਕਾਲਜ ਦੇ ਮੁਲਾਜ਼ਮਾਂ ਨੂੰ ਕਾਲਜ ਬੰਦ ਨਾ ਹੋਣ ਦੇਣ ਅਤੇ ਤਖਨਾਹ ਛੇਤੀ ਦਿਵਾਉਣ ਦਾ ਭਰੋਸਾ ਦਿੱਤਾ।