ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਜੂਨ
ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਮਨ ਪੂਨੀਆ ਦੀ ਸੁਨਾਮ ਆਮਦ ’ਤੇ ਹੋਈ ਇੱਕਤਰਤਾ ਵਿੱਚ ਸੂਬੇ ਦੀ ਕੈਪਟਨ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਭੰਡੀ ਕੀਤੀ ਗਈ। ਸਾਬਕਾ ਸੂਬਾ ਸਕੱਤਰ ਨੇ ਕਿਹਾ ਕਿ ਅੱਜ ਸੂਬੇ ਦੀ ਕੈਪਟਨ ਸਰਕਾਰ ਦੀਆਂ ਸਾਰੀਆਂ ਨੀਤੀਆਂ ਸੂਬੇ ਦੇ ਲੋਕਾਂ ਨੂੰ ਆਰਥਿਕ ਤੌਰ ’ਤੇ ਖਤਮ ਕਰਨ ਵਾਲੀਆਂ ਹਨ। ਆਗੂ ਨੇ ਕਿਹਾ ਕਿ ਸੂਬੇ ਦੀ ਅਫ਼ਸਰਸ਼ਾਹੀ ਤੇ ਰਾਜਨੀਤਕ ਲੋਕ ਆਪਸ ਵਿੱਚ ਮਿਲ ਕੇ ਸਰਕਾਰ ਦੇ ਖਜ਼ਾਨੇ ਨੂੰ ਖੋਰਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕਰੋਨਾ ਦੇ ਮੱਦੇਨਜ਼ਰ ਅਧਿਆਪਕ, ਕਿਸਾਨ, ਮਜ਼ਦੂਰ ਤੇ ਦੁਕਾਨਦਾਰ ਸੜਕਾਂ ’ਤੇ ਹਨ। ਪੂਨੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਫ਼ਸਰਸ਼ਾਹੀ ’ਤੇ ਨੱਥ ਪਾ ਕੇ ਭ੍ਰਿਸ਼ਟਾਚਾਰ ਦੇ ਸੇਕ ਵਿੱਚ ਸੜ ਰਹੀ ਜਨਤਾ ਨੂੰ ਸੁੱਖ ਦਾ ਸਾਹ ਦਿਵਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਕੌਮੀ ਕੌਂਸਲ ਦੇ ਮੈਂਬਰ ਪ੍ਰੇਮ ਗੁਗਨਾਨੀ, ਜ਼ਿਲ੍ਹਾ ਜਰਨਲ ਸੱਕਤਰ ਸ਼ੈਲੀ ਬਾਂਸਲ, ਸਾਬਕਾ ਜ਼ਿਲ੍ਹਾ ਜਰਨਲ ਸੱਕਤਰ ਸ਼ੰਕਰ ਬਾਂਸਲ, ਜ਼ਿਲ੍ਹਾ ਉਪ ਪ੍ਰਧਾਨ ਮਨਪ੍ਰੀਤ ਸਿੰਘ ਨਮੋਲ, ਜ਼ਿਲ੍ਹਾ ਸੱਕਤਰ ਯੁਗੇਸ ਗਰਗ ਅਤੇ ਯੂਵਾ ਮੋਰਚਾ ਦੇ ਆਗੂ ਧੀਰਜ ਗੋਇਲ ਹਾਜ਼ਰ ਸਨ।